ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਬੁਰਜ ਹਮੀਰਾ ਵਿਖੇ ਇੱਕ ਕਿਸਾਨ ਵੱਲੋਂ ਕਰਜੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਬੁਰਜ ਹਮੀਰਾ ਦੇ ਕਿਸਾਨ ਗੁਰਨਾਮ ਸਿੰਘ ਪੁੱਤਰ ਅਮਰ ਸਿੰਘ 50 ਸਾਲ ਦੇ ਸਿਰ ਇੱਕ ਬੈਂਕ ਵੱਲੋਂ 10 ਲੱਖ ਦਾ ਕਰਜ਼ਾ ਲਿਆ ਹੋਇਆ ਸੀ। ਉਕਤ ਕਿਸਾਨ ਕੋਲ ਮਾਲਕੀ ਜ਼ਮੀਨ ਦੋ ਏਕੜ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਮੁਤਾਬਿਕ ਕਿਸਾਨ ਗੁਰਨਾਮ ਸਿੰਘ ਦੀ ਪਤਨੀ ਵੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਉਸ ਦੀਆਂ ਦੋ ਬੇਟੀਆਂ ਹਨ, ਜੋ ਪੜ੍ਹਾਈ ਕਰ ਰਹੀਆਂ ਹਨ। ਕਰਜ਼ੇ ਦੀ ਪੰਡ ਦਿਨੋਂ-ਦਿਨ ਜ਼ਿਆਦਾ ਹੋਣ ਕਰਕੇ ਤੇ ਪਿਛਲੇ ਸਾਲ ਖੇਤੀ 'ਚੋਂ ਵੀ ਘਾਟਾ ਪੈਣ ਕਾਰਨ ਕਿਸਾਨ ਕਾਫੀ ਲੰਬੇ ਸਮੇਂ ਤੋਂ ਮਾਨਸਿਕ ਪਰੇਸ਼ਾਨੀ 'ਚ ਰਹਿ ਰਿਹਾ ਸੀ। ਬੀਤੀ ਰਾਤ ਕਿਸਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਤ ਦਾ ਖਾਣਾ ਖਾਣ ਤੋਂ ਬਆਦ ਜਦੋਂ ਉਹ ਸੌਂ ਗਏ ਤਾਂ ਅੱਧੀ ਰਾਤ ਨੂੰ ਘਰ ਦੀ ਕੰਧ ਟੱਪ ਕੇ ਘਰੋਂ ਬਾਹਰ ਚਲਾ ਗਿਆ ਤੇ ਪਿੰਡ ਤੋਂ ਬਾਹਰ ਆਪਣੇ ਘਰ ਦੇ ਨੇੜੇ ਹੀ ਕਿਸੇ ਖੇਤ 'ਚ ਟਾਹਲੀ ਦੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪਰਿਵਾਰਕ ਮੈਂਬਰ ਉਸ ਦੀ ਭਾਲ ਰਾਤ ਤੋਂ ਕਰ ਰਹੇ ਸਨ। ਸੋਮਵਾਰ ਜਦੋਂ ਸਵੇਰੇ ਘਰ ਦੇ ਮੈਂਬਰ ਕਿਸਾਨ ਭਾਲ ਕਰਦੇ ਸਮੇਂ ਬਾਹਰ ਖਾਈ ਪਿੰਡ ਦੀ ਸੜਕ 'ਤੇ ਗਏ ਤਾਂ ਉਸ ਦੀ ਲਾਸ਼ ਟਾਹਲੀ ਦੇ ਦਰੱਖਤ ਨਾਲ ਲਟਕ ਰਹੀ ਸੀ।

ਮੌਕੇ ਤੇ ਪਹੁੰਚੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਨਾਮ ਸਿੰਘ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ, ਜਿਸ ਨੇ ਕਰਜ਼ੇ ਦੀ ਪੰਡ ਨਾ ਸਹਾਰਦੇ ਹੋਏ ਆਪਣੀ ਜਵੀਨ ਲੀਲਾ ਖ਼ਤਮ ਕਰ ਲਈ। ਚੌਂਕੀ ਦੀਨਾ ਸਾਹਿਬ ਦੇ ਇੰਰਾਰਜ਼ ਰਾਮ ਲੁਬਾਇਆ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਰਖਵਾ ਦਿੱਤਾ ਗਿਆ ਹੈ।

Posted By: Amita Verma