ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਅਨੁਸਾਰ ਮੋਗਾ ਦੇ ਬੱਸ ਅੱਡੇ ਨੂੰ ਦੂਜੇ ਦਿਨ ਵੀ ਚੱਕਾ ਜਾਮ ਕਰਕੇ ਪੰਜ ਸਾਥੀ ਭੁੱਖ ਹੜਤਾਲ 'ਤੇ ਬੈਠੇ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆ ਨੇ ਕਿਹਾ ਕਿ ਸਾਥੀ ਸੱਜਣ ਸਿੰਘ ਪਹਿਲੀ ਮਈ ਤੋਂ ਮੁਲਾਜ਼ਮ/ ਮਜ਼ਦੂਰ ਮੰਗਾਂ ਨੂੰ ਲੈ ਕੇ ਮੋਹਾਲੀ ਦੇ ਸੈਕਟਰ 43 'ਚ ਬੱਸ ਅੱਡੇ 'ਚ ਮਰਨ ਵਰਤ 'ਤੇ ਬੈਠੇ ਹੋਏ ਹਨ। ਕੱਲ ਸੱਜਣ ਸਿੰਘ ਨੂੰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਬਰੀ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਬੈਠੇ ਸਾਥੀਆਂ ਨਾਲ ਧੱਕਾਮੁੱਕੀ ਵੀ ਕੀਤੀ ਗਈ ਜਿਸ ਦੇ ਰੋਸ ਵਜੋਂ ਕੱਲ ਹੀ ਬਹੁਤ ਥਾਵਾਂ ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਮੋਗਾ ਬੱਸ ਅੱਡੇ ਵਿੱਚ ਇਕੱਤਰ ਹੋ ਕੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਖਿਲਾਫ਼ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਬਾਜ਼ਾਰ 'ਚ ਮਾਰਚ ਕਰਨ ਤੋਂ ਬਾਅਦ ਚੌਕ 'ਚ ਸੜਕ ਵੀ ਜਾਮ ਕੀਤੀ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਜਦੋਂ ਸਰਕਾਰ ਕੋਈ ਗੱਲ ਸੁਣਨ ਤੋਂ ਆਕੀ ਹੋ ਜਾਵੇ ਤਾਂ ਸਰਕਾਰ ਦੇ ਬੋਲੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਲੋਕ ਰਾਜੀ ਢੰਗ ਤਰੀਕੇ ਅਪਣਾਉਣੇ ਹੀ ਪੈਂਦੇ ਹਨ। ਪੁਲਿਸ ਜੋ ਸਿਰਫ਼ ਰਾਜ ਨੇਤਾਵਾਂ ਦੀ ਰਾਖੀ ਕਰਦੀ ਹੈ ਮੁਲਾਜ਼ਮ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਜ਼ਬਰ ਜ਼ੁਲਮ ਕਰਨ ਤੋਂ ਵੀ ਨਹੀਂ ਹਿਚਕਚਾਉਂਦੀ। ਇਸ ਮੌਕੇ ਪਸਸਫ ਮੋਗਾ ਦੇ ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਥੀ ਸੱਜਣ ਸਿੰਘ ਵੱਲੋਂ ਹਸਪਤਾਲ ਵਿੱਚ ਵੀ ਮਰਨ ਵਰਤ ਜਾਰੀ ਹੈ। ਉਨ੍ਹਾਂ ਨੇ ਕਿਸੇ ਕਿਸਮ ਦੀ ਮੈਡੀਕਲ ਏਡ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮਰਨ ਵਰਤ ਅਤੇ ਭੁੱਖ ਹੜਤਾਲਾਂ ਮੰਗਾਂ ਮੰਨਣ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਹੁਣ ਅਸੀਂ ਲੋਕਾਂ 'ਚ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਾਵਾਂਗੇ ਅਤੇ ਸਰਕਾਰ ਦੇ ਪੋਤੜੇ ਫੋਲਕੇ ਚੋਣਾਂ 'ਚ ਕਾਂਗਰਸ ਸਰਕਾਰ ਨੂੰ ਧੂਲ ਚਟਾਵਾਂਗੇ। ਇਸ ਮੌਕੇ ਸਾਥੀ ਬਚਿੱਤਰ ਸਿੰਘ, ਹਰੀਬਹਾਦਰ ਬਿੱਟੂ, ਚਮਨ ਲਾਲ ਸੰਗੇਲੀਆ ਆਦਿ ਨੇ ਬੋਲਦਿਆਂ ਕਿਹਾ ਕਿ ਕੀ ਕੱਚੇ ਮੁਲਾਜ਼ਮਾਂ ਦਾ ਪੱਕੇ ਹੋਣਾ ਹੱਕ ਨਹੀਂ ਹੈ? ਕੀ ਹਰ ਨਾਗਰਿਕ ਲਈ ਪੈਨਸ਼ਨ ਦਾ ਹੱਕ ਨਹੀਂ ਹੈ? ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕਸਾਰ ਹੀ ਲਾਗੂ ਹੋਣਾ ਚਾਹੀਦਾ ਹੈ। ਜੇ ਮੰਤਰੀ ਵਿਧਾਇਕ ਪੰਜ-ਪੰਜ ਪੈਨਸ਼ਨਾਂ ਲੈ ਸਕਦੇ ਹਨ ਤਾਂ ਆਮ ਲੋਕ ਕਿਉਂ ਨਹੀਂ। ਉਨ੍ਹਾਂ ਮੰਗ ਕੀਤੀ ਕਿ ਵੱਧ ਤੋਂ ਵੱਧ ਤਨਖਾਹ ਅਤੇ ਘੱਟ ਤੋਂ ਘੱਟ ਤਨਖਾਹ 'ਚ ਪਾੜਾ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਇਕ ਲਈ ਪੈਨਸ਼ਨ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮਿਨੀਮਮ ਵੇਜ ਦੇ ਕਾਨੂੰਨ ਲਾਗੂ ਕੀਤੇ ਜਾਣ, ਭਿ੍ਸ਼ਟਚਾਰ ਬੰਦ ਕੀਤਾ ਜਾਵੇ, ਠੇਕੇ ਤੇ ਭਰਤੀ ਕਰਨ ਦੀ ਥਾਂ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਆਂਗਨਵਾੜੀ, ਆਸ਼ਾ ਵਰਕਰਾਂ ਨੂੰ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ 5 ਅਤੇ 6 ਮਈ ਨੂੰ ਪਿੰਡਾਂ ਵਿੱਚ ਮੋਟਰਸਾਈਕਲ ਰੈਲੀਆਂ ਰਾਹੀਂ ਲੋਕਾਂ ਨੂੰ ਸਰਕਾਰ ਦੀਆਂ ਲੋਕ/ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ 7 ਮਈ ਨੂੰ ਪਟਿਆਲਾ ਵਿਖੇ ਪੁਲ ਦੇ ਹੇਠਾਂ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਬੂਟਾ ਸਿੰਘ ਭੱਟੀ, ਕੁਲਵਿੰਦਰ ਸਿੰਘ ਨਰੇਗਾ ਇੰਪ ਯੂ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਭਿੰਡਰ, ਪੋਹਲਾ ਸਿੰਘ ਬਰਾੜ, ਪ੍ਰਕਾਸ਼ ਚੰਦ ਦੌਲਤਪੁਰਾ, ਚਮਕੌਰ ਸਿੰਘ ਡਗਰੂ, ਗੁਰਮੇਲ ਸਿੰਘ ਨਾਹਰ, ਗੁਰਜੰਟ ਸਿੰਘ ਕੋਕਰੀ, ਜਗਪਾਲ ਬਰਾੜ, ਜਗਦੇਵ ਫਤਹਿਗੜ੍ਹ, ਨਿਰੰਜਣ ਸਿੰਘ, ਗੁਰਪ੍ਰੀਤ ਚੁਗਾਵਾਂ, ਰਘਦੀਸ਼ ਕੌਰ ਬਾਘਾਪੁਰਾਣਾ, ਬਿਕਰਮਜੀਤ ਕੌਰ, ਬਿਮਲਜੀਤ ਕੌਰ ਨਿ:ਸਿੰ:ਵਾਲਾ, ਚਰਨਜੀਤ ਕੌਰ, ਬਲਵਿੰਦਰ ਕੌਰ ਖੋਸਾ, ਹਰਮਨਦੀਪ ਸਿੰਘ, ਗੁਰਦੀਪ ਸਿੰਘ ਨਰੇਗਾ ਇੰਪ ਯੂ, ਜਸਵਿੰਦਰ ਕੌਰ ਆਸ਼ਾ ਵਰਕਰਜ਼, ਨਿੰਦਰ ਕੌਰ, ਅਮਨਦੀਪ ਕੌਰ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।