ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੱਚੇ ਮੁਲਾਜਮਾਂ ਨਾਲ ਗੁਲਾਮਾਂ ਵਾਂਗ ਵਿਵਹਾਰ ਕਰਨ ਅਤੇ ਕੱਚੇ ਮੁਲਾਜ਼ਮਾਂ ਲਈ ਤਾਨੇਸ਼ਾਹੀ ਰਵੱਈਆ ਅਪਣਾਉਣ ਤੋਂ ਤੰਗ ਆ ਕੇ ਦੁਪਹਿਰ 12 ਵਜੇ ਤੋਂ ਪੰਜਾਬ ਦੇ ਸਾਰੇ ਰੋਡਵੇਜ਼ ਦੇ ਡਿੱਪੂ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਮੋਗਾ ਡਿਪੂ ਦੇ ਗੇਟ ਵਿਖੇ ਜਥੇਬੰਦੀ ਦੇ ਸੂਬਾ ਆਗੂ ਬਲਜਿੰਦਰ ਸਿੰਘ ਤੇ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋਂ ਉਲਟ ਜਾ ਕੇ ਕੱਚੇ ਮੁਲਾਜ਼ਮਾਂ ਨਾਲ ਤਾਨਾਸ਼ਾਹੀ ਰਵੱਈਆ ਅਪਣਾ ਕੇ ਉਨ੍ਹਾਂ ਦਾ ਸੋਸ਼ਣ ਕਰ ਰਹੇ ਹਨ। ਕੱਚੇ ਮੁਲਾਜ਼ਮ ਜੋ ਕਿ ਲੰਬੇ ਰੂਟਾਂ ਤੇ ਬੱਸਾਂ ਵਿਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਰਦਾਨ ਕਰਦੇ ਹਨ, ਉਨ੍ਹਾਂ ਦਾ ਰੋਟੀ ਪਾਣੀ ਤਕ ਰਸਤੇ ਵਿਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਜੇਕਰ ਕੋਈ ਮੁਲਾਜ਼ਮ ਕਿਸੇ ਵੀ ਢਾਬੇ 'ਤੇ ਰਸਤੇ ਵਿਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ 'ਤੇ ਬੱਸ ਰੋਕਦਾ ਹੈ ਤਾਂ ਉਸ ਦੀ ਨਾਜਾਇਜ਼ ਰਿਪੋਰਟ ਕਰ ਕੇ ਉਸ ਨੂੰ ਡਿਊਟੀ ਤੋਂ ਬਗੈਰ ਸੁਣਵਾਈ ਫਾਰਗ ਕਰ ਦਿੱਤਾ ਜਾਂਦਾ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸੁਪਨੇ ਵਿਖਾ ਕੇ ਬਣੀ ਆਮ ਆਦਮੀ ਦੀ ਸਰਕਾਰ 'ਚ ਅਫਸਰਸ਼ਾਹੀ ਬੇਲਗਾਮ ਹੋਈ ਦਿਖਦੀ ਹੈ।

ਡਿੱਪੂ ਪ੍ਰਧਾਨ ਟਹਿਲ ਸਿੰਘ ਤੇ ਸੈਕਟਰੀ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੈਨੇਜਮੈਂਟ ਤੇ ਤਾਨਾਸ਼ਾਹੀ ਰਵੱਈਏ ਦੀ ਉਸ ਸਮੇਂ ਹੱਦ ਪਾਰ ਹੋ ਗਈ, ਜਦੋਂ ਚੰਡੀਗੜ੍ਹ ਡਿੱਪੂ ਦੇ ਇਕ ਕੰਡਕਟਰ ਦੀ ਸਵਾਰੀ ਕੋਲ ਖੜੇ੍ਹ ਦੀ ਫੋਟੋ ਖਿੱਚ ਕੇ ਫੋਟੋ ਦੇ ਆਧਾਰ 'ਤੇ ਹੀ ਉਸ ਉੱਤੇ ਨਿੱਜੀ ਬੱਸ ਵਾਲੇ ਤੋਂ ਪੈਸੇ ਲੈਣ ਦਾ ਇਲਜ਼ਾਮ ਲਾ ਕੇ ਨੌਕਰੀ ਤੋਂ ਹਟਾ ਦਿੱਤਾ ਗਿਆ। ਜਥੇਬੰਦੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਅਤੇ ਬੇਰੁਜ਼ਗਾਰੀ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਨਬੱਸ ਵਿਚ ਆਊਟਸੋਰਸ ਦੇ ਆਧਾਰ 'ਤੇ ਕੱਢੀਆਂ 1337 ਪੋਸਟਾਂ ਨੂੰ ਰੱਦ ਕਰ ਕੇ ਰੈਗੂਲਰ ਭਰਤੀ ਪਨਬੱਸ ਵਿਚ ਸਰਵਿਸ ਰੂਲ ਬਣਾ ਕੇ ਕਰਨ ਲਈ ਸੰਘਰਸ਼ ਦੇ ਰਾਹ 'ਤੇ ਚੱਲੀ ਸੀ, ਜਿਸ ਤਹਿਤ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਜਥੇਬੰਦੀ ਦੀ ਹੋਈ ਪਰ ਅਫਸਰਸ਼ਾਹੀ ਜਥੇਬੰਦੀ ਦੇ ਸਾਫ ਸੁਥਰੇ ਸੰਘਰਸ਼ ਨੂੰ ਹੋਰ ਦਿਸ਼ਾ ਵਿਚ ਲੈ ਕੇ ਜਾਣ ਲਈ ਮੁਲਾਜ਼ਮਾਂ ਦੇ ਸੋਸ਼ਣ ਨੂੰ ਤੇਜ਼ ਕਰ ਕੇ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਤਾਂ ਜੋ ਜਥੇਬੰਦੀ ਦੀ ਆਵਾਜ਼ ਨੂੰ ਦਬਾਇਆ ਜਾ ਸਕੇ।

ਇਸ ਮੌਕੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਡਿਊਟੀ 'ਤੇ ਨਾ ਲਿਆ ਗਿਆ ਅਤੇ ਮੋਗੇ ਡਿੱਪੂ ਦੇ ਰੂਟਾਂ ਨੂੰ ਵਾਪਸ ਮੋਗੇ ਨਾ ਭੇਜਿਆ ਗਿਆ ਅਤੇ ਢਾਬਿਆਂ ਸਬੰਧੀ ਕੱਢੇ ਹੁਕਮ ਵਾਪਸ ਨਾ ਲਏ ਗਏ ਤਾਂ ਪਨਬੱਸ ਦੇ ਨਾਲ-ਨਾਲ ਪੀਆਰਟੀਸੀ ਦੇ ਡਿੱਪੂ ਵੀ ਬੰਦ ਕੀਤੇ ਜਾਣਗੇ ਅਤੇ ਟਰਾਂਸਪੋਰਟ ਵਿਭਾਗ ਦੇ ਮੁੱਖ ਦਫ਼ਤਰ ਦਾ ਿਘਰਾਓ ਕੀਤਾ ਜਾਵੇਗਾ।