ਸਵਰਨ ਗੁਲਾਟੀ, ਮੋਗਾ : ਜ਼ਿਲ੍ਹਾ ਪੁਲਿਸ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਨਸ਼ੇ ਲਈ ਇਸਤੇਮਾਲ ਹੋਣ ਵਾਲੀ ਦਵਾਈ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੇਵਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ' ਤੇ ਕਸਬਾ ਅਜੀਤਵਾਲ ਵਿਖੇ ਵਿਅਕਤੀ ਚਰਨਜੀਤ ਸਿੰਘ ਉਰਫ ਜੋਤੀ ਵਾਸੀ ਅਜੀਤਵਾਲ ਨੂੰ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ।

ਇਸੇ ਤਰ੍ਹਾਂ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਦੀ ਪੁਲਿਸ ਚੌਕੀ ਦੀਨਾ ਸਾਹਿਬ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ 'ਚ ਗਸ਼ਤ ਕਰ ਰਹੇ ਸੀ ਤਾਂ ਪਿੰਡ ਦੀਨਾ ਸਾਹਿਬ ਕੋਲ ਇਕ ਅੌਰਤ ਪਰਮਜੀਤ ਕੌਰ ਵਾਸੀ ਪਿੰਡ ਕਿਸ਼ਨਗੜ੍ਹ ਪੱਖਰਵੱਡ ਜ਼ਿਲ੍ਹਾ ਮੋਗਾ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਸੇ ਤਰ੍ਹਾਂ ਥਾਣਾ ਬੱਧਨੀ ਕਲਾਂ ਦੇ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਬੱਧਨੀ ਕਲਾਂ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇਕ ਕਾਰ ਨੂੰ ਰੋਕ ਕੇ ਕਾਰ ਸਵਾਰ ਦੋ ਵਿਅਕਤੀਆ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਕਾਰ ਸਵਾਰ ਦੋਵੇਂ ਵਿਅਕਤੀਆਂ ਰਘਵੀਰ ਸਿੰਘ ਉਰਫ ਕਾਕਾ ਤੇ ਪਾਲ ਖਾਨ ਵਾਸੀ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਨੂੰ ਕਾਰ ਸਮੇਤ ਹਿਰਾਸਤ ਵਿਚ ਲੈ ਲਿਆ।

ਇਸੇ ਤਰ੍ਹਾਂ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਕੋਟਕਪੂਰਾ ਰੋਡ 'ਤੇ ਪੈਂਦੇ ਮੱਲਣਸ਼ਾਹ ਡੇਰੇ ਨੇੜੇ ਹਰਮੰਦਰ ਸਿੰਘ ਉਰਫ ਵਿੱਕੀ ਵਾਸੀ ਭੰਮੀ ਪੁਰਾ ਹਾਲ ਆਬਾਦ ਸਾਧਾਂਵਾਲੀ ਬਸਤੀ ਮੋਗਾ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 340 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।