v> ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਤੇ ਉਹਨਾਂ ਦੇ ਸਮਰਥਕਾਂ ਵੱਲੋਂ 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਹੰਗਾਮਾ ਕਰਨ, ਕੋਰੋਨਾ ਟੈਸਟ ਦੇ ਬਦਲੇ 3500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਉਣ, ਗਲਤ ਸਬੂਤ ਪੇਸ਼ ਕਰਕੇ ਰਾਤੋ-ਰਾਤ ਉਹਨਾਂ ਦੀ ਬਦਲੀ ਕੀਤੇ ਜਾਣ ਤੋਂ ਨਾਰਾਜ਼ ਮੋਗਾ ਜ਼ਿਲ੍ਹੇ ਦੇ ਸਮੁੱਚੇ ਸਿਹਤ ਕਾਮਿਆਂ ਨੇ ਅੱਜ 10 ਵਜੇ ਤੋਂ 11 ਵਜੇ ਤਕ ਇੱਕ ਘੰਟਾ ਸਿਹਤ ਸੇਵਾਵਾਂ ਠੱਪ ਕਰਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਤੇ ਐਮਐਲਏ ਹਰਜੋਤ ਕਮਲ, ਮਾਮਲੇ ਨੂੰ ਮਿਸਹੈਂਡਲ ਕਰਨ ਵਾਲੇ ਅਧਿਕਾਰੀਆਂ ਤੇ ਬਿਨਾਂ ਤੱਥਾਂ ਦੀ ਜਾਂਚ ਕੀਤੇ ਬਦਲੀ ਕਰਨ ਲਈ ਸਿਹਤ ਮੰਤਰੀ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਡਾ. ਗਗਨਦੀਪ ਸਿੰਘ, ਡਾ. ਇੰਦਰਵੀਰ ਸਿੰਘ, ਕੁਲਬੀਰ ਸਿੰਘ ਢਿੱਲੋਂ, ਮਹਿੰਦਰ ਪਾਲ ਲੁੰਬਾ, ਰਾਜੇਸ਼ ਭਾਰਦਵਾਜ਼, ਮਨਵਿੰਦਰ ਕਟਾਰੀਆ, ਚਮਨ ਲਾਲ ਸੰਗੇਲੀਆ, ਜਗਪਾਲ ਕੌਰ, ਪਰਮਿੰਦਰ ਸਿੰਘ, ਰਾਜ ਕੁਮਾਰ ਢੁੱਡੀਕੇ ਅਤੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਟਰੂਨਾਟ ਮਸ਼ੀਨ 12 ਘੰਟੇ ਵਿੱਚ ਸਿਰਫ 18 ਟੈਸਟ ਕਰ ਸਕਦੀ ਹੈ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਨਿਰਦੇਸ਼ਾਂ ਅਨੁਸਾਰ ਇਹ ਮਸ਼ੀਨ ਵਿਦੇਸ਼ ਜਾਣ ਵਾਲੇ ਲੋਕਾਂ ਦੇ ਟੈਸਟ ਕਰਨ ਲਈ ਨਹੀਂ ਬਲਕਿ ਲੋਕਲ ਤੇ ਐਮਰਜੈਂਸੀ ਮਰੀਜ਼ਾਂ ਦੇ ਟੈਸਟ ਕਰਨ ਲਈ ਹੈ, ਇਸਦੇ ਬਾਵਜੂਦ ਰੋਜ਼ਾਨਾ ਐਸਐਮਓ ਮੋਗਾ ਰਾਹੀਂ ਐਮਐਲਏ ਦਫਤਰ ਵੱਲੋਂ ਲਿਸਟ ਭੇਜ ਕੇ ਵੱਧ ਟੈਸਟ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਤੇ ਲੋਕਲ ਲੋਕਾਂ ਦੇ ਟੈਸਟ ਨਹੀਂ ਹੋ ਰਹੇ ਸਨ। 2 ਅਗਸਤ ਨੂੰ ਐਮ.ਐਲ.ਏ. ਦਫਤਰ ਵੱਲੋਂ ਧੱਕੇ ਨਾਲ 75 ਟੈਸਟ ਕਰਵਾਏ ਗਏ, ਜਿਸ ਕਾਰਨ ਮਸ਼ੀਨ ਦਿਨ ਰਾਤ ਚੱਲਦੀ ਰਹੀ ਤੇ ਸਵੇਰ ਨੂੰ ਮਸ਼ੀਨ ਸੜ ਗਈ, ਜਿਸ ਕਾਰਨ ਚਾਰ ਦਿਨ ਕੋਈ ਟੈਸਟ ਨਹੀਂ ਹੋ ਸਕਿਆ । ਉਹਨਾਂ ਡਾ. ਰੀਤੂ ਜੈਨ ਦੇ ਹੌਸਲੇ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਕ ਇਮਾਨਦਾਰ ਅਫਸਰ ਹੀ ਅਜਿਹਾ ਹੌਸਲਾ ਕਰ ਸਕਦਾ ਹੈ। ਉਹਨਾਂ ਸਰਕਾਰ ਤੋਂ ਡਾ. ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕਰਨ, ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਅਤੇ ਮਾਮਲੇ ਨੂੰ ਮਿਸਹੈਂਡਲ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ, ਐਮ.ਐਲ.ਏ.ਦੇ ਨਾਲ ਆਏ ਸੁਖਜੀਤ ਸਿੰਘ ਅਤੇ ਹੋਰਾਂ ਵੱਲੋਂ ਵਰਤੀ ਗਈ ਮੰਦੀ ਸ਼ਬਦਾਵਲੀ ਲਈ ਜਨਤਕ ਤੌਰ 'ਤੇ ਮਾਫੀ ਮੰਗਵਾਏ ਜਾਣ ਦੀ ਮੰਗ ਕਰਦਿਆਂ ਦੱਸਿਆ ਕਿ ਉਕਤ ਮੰਗਾਂ ਦੀ ਪੂਰਤੀ ਤਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਕੱਲ੍ਹ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤਕ ਸਮੁੱਚੇ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਬਦਲੀ ਰੱਦ ਨਾ ਹੋਈ ਤਾਂ ਸੋਮਵਾਰ ਤੋਂ ਕੋਵਿਡ-19 ਸਮੇਤ ਸਮੁੱਚੀਆਂ ਸਿਹਤ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਉਹ ਕੋਰੋਨਾ ਦੀ ਐਮਰਜੈਂਸੀ ਨੂੰ ਸਮਝਦੇ ਹੋਏ ਸਰਕਾਰ ਨੂੰ ਚਾਰ ਦਿਨ ਦਾ ਸਮਾਂ ਦੇ ਰਹੇ ਹਨ ਪਰ ਜੇਕਰ ਫਿਰ ਵੀ ਡਾ. ਰੀਤੂ ਜੈਨ ਨੂੰ ਇਨਸਾਫ ਨਾ ਮਿਲਿਆ ਤਾਂ ਸੋਮਵਾਰ ਨੂੰ ਸਿਹਤ ਸੇਵਾਵਾਂ ਠੱਪ ਹੋਣ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।

Posted By: Ramanjit Kaur