ਵਕੀਲ ਮਹਿਰੋਂ, ਮੋਗਾ : ਸ਼ੁੱਕਰਵਾਰ ਨੂੰ ਰੈਸਟ ਹਾਊਸ ਮੋਗਾ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਯੂਨਿਟ ਮੋਗਾ ਦੀ ਮੀਟਿੰਗ ਬਲੌਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੁ ਵਿੱਚ ਚਮਕੌਰ ਸਿੰਘ ਕੜਿਆਲ ਟੀਐਸਯੂ ਸਰਕਲ ਫਰੀਦਕੋਟ ਦੇ ਮੀਤ ਪ੍ਰਧਾਨ ਤੇ ਉਨ੍ਹਾਂ ਦੀ ਮਾਤਾ ਦੋਹਾਂ ਮਾਂ ਪੁੱਤਰਾਂ ਦੇ ਅਚਾਨਕ ਹੋਈ ਮੌਤ ਤੇ ਸੋਗ ਮਤਾ ਪਾਸ ਕੀਤਾ ਗਿਆ। ਉਪਰੰਤ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ, ਦਿਆਲ ਸਿੰਘ ਕੈਲਾ, ਪ੍ਰਰੀਆ ਵਰਤ, ਰਾਮ ਸਨੇਹੀ, ਗੁਰਨਾਮ ਸਿੰਘ ਭਿੰਡਰ, ਰਸ਼ਪਾਲ ਸਿੰਘ, ਹੀਰਾ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਪੱਧਰ ਤੇ ਪੰਜਾਬ ਯੂਟੀ ਮੁਲਾਜ਼ਮ ਪੈਨਸਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਹੈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਧੜਾਧੜ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ। ਜਿਹੜੇ ਕਾਨੂੰਨ ਸਰਕਾਰ ਲਾਗੂ ਹੀ ਨਹੀਂ ਸੀ ਕਰ ਸਕਦੀ, ਹੁਣ ਕੋਰੋਨਾ ਦੀ ਆੜ 'ਚ ਧੜਾਧੜ ਲਾਗੂ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਤੇ ਪੈਨਸਨਰਾਂ ਦਾ ਡੀਏ ਜਾਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਵਿਧਾਇਕਾਂ ਨੂੰ 10 ਤੋਂ 14 ਅਗਸਤ ਤੱਕ ਮੰਗ ਪੱਤਰ ਦਿੱਤੇ ਜਾਣਗੇ ਅਤੇ 15 ਅਗਸਤ ਨੂੰ ਘਰਾਂ 'ਤੇ ਕਾਲੇ ਝੰਡੇ ਲਹਿਰਾ ਕੇ ਕਾਲੀ ਅਜ਼ਾਦੀ ਮਨਾਈ ਜਾਵੇਗੀ।