ਪਵਨ ਗਰਗ, ਬਾਘਾਪੁਰਾਣਾ : ਤਖ਼ਤ ਸ੍ਰੀ ਕੇਸਗ੍ਹੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਬੀੜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਪਰਮਜੀਤ ਸਿੰਘ ਜੋ ਕਿ ਹੁਣ ਲੁਧਿਆਣਾ ਵਿਖੇ ਰਹਿ ਰਿਹਾ ਹੈ ਪਰ ਉਸ ਦਾ ਪਿਛਲਾ ਪਿੰਡ ਲੰਗਿਆਣਾ ਨਵਾਂ (ਮੋਗਾ) ਦਾ ਹੈ।

ਪਿੰਡ ਲੰਗਿਆਣਾ ਵਿਖੇ ਉਸ ਦੀ ਲਗਪਗ 15 ਕਿੱਲੇ ਜ਼ਮੀਨ ਹੈ ਜੋ ਕਿ ਮਾਮਲੇ ’ਤੇ ਦਿੱਤੀ ਜਾਂਦੀ ਹੈ। ਵੀਰਵਾਰ ਨੂੰ ਪਿੰਡ ਲੰਗਿਆਣਾ ਨਵਾਂ ਦੇ ਸਮੂਹ ਨਗਰ ਵਾਸੀਆਂ ਦੀ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਨਿਮ ਵਾਲਾ ਵਿਖੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪਰਿਵਾਰ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ।

ਜਗਸੀਰ ਸਿੰਘ ਸਰਪੰਚ, ਸਾਬਕਾ ਸਰਪੰਚ ਹਰਚਰਨ ਸਿੰਘ, ਜੱਥੇਦਾਰ ਗੁਰਚਰਨ ਸਿੰਘ, ਪਿ੍ਰੰਸੀਪਲ ਕਪਤਾਨ ਸਿੰਘ, ਬਾਬਾ ਜਗਰੂਪ ਸਿੰਘ, ਲਖਵਿੰਦਰ ਸਿੰਘ, ਅਮਰ ਸਿੰਘ ਅਤੇ ਨਾਇਬ ਸਿੰਘ ਨੇ ਦੱਸਿਆ ਕਿ ਸਮੂਹ ਨਗਰ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਪਰਮਜੀਤ ਸਿੰਘ ਦੀ ਜ਼ਮੀਨ ਜਾਇਦਾਦ ਨੂੰ ਕੋਈ ਵੀ ਪਿੰਡ ਦਾ ਵਿਅਕਤੀ ਨਾ ਤਾਂ ਠੇਕੇ ’ਤੇ ਲਵੇਗਾ ਅਤੇ ਨਾ ਹੀ ਬੈਅ ਲਵੇਗਾ ਅਤੇ ਨਾ ਹੀ ਉਸ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਵਰਤ-ਵਰਤਾਰਾ ਜਾਂ ਲੈਣ-ਦੇਣ ਹੀ ਰੱਖੇਗਾ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਕਈ ਦਹਾਕਿਆਂ ਤੋਂ ਹੀ ਡੇਰਾ ਸਿਰਸਾ ਨਾਲ ਜੁੜਿਆ ਹੋਇਆ ਹੈ। ਪਿੰਡ ਵਾਸੀਆਂ ਨੇ ਸਰਬ ਸਾਂਝੀਵਾਲਤਾ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ।

Posted By: Jagjit Singh