ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ :

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਜੁਲਾਈ ਨੂੰ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ ਜਾਂਦਾ ਹੈ। ਜ਼ੂਨੋਸਿਸ ਅੱਖਰ ਤੋਂ ਮਤਲਬ ਹੈ ਕਿ ਜਾਨਵਰਾਂ ਤੋਂ ਮਨੁੱਖਾਂ ਨੂੰ ਬਿਮਾਰੀਆਂ ਦਾ ਲੱਗਣਾ ਅਤੇ ਫਿਰ ਮਨੁੱਖਾਂ ਤੋਂ ਮਨੁੱਖਾਂ ਜਾਂ ਜਾਨਵਰਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ। ਸਾਰੇ ਵਿਸ਼ਵ ਵਿਚ 6 ਜੁਲਾਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਦਿਨ ਫਰਾਂਸ ਦੇ ਇਕ ਵਿਗਿਆਨੀ ਵੱਲੋਂ ਹਲਕਾਅ ਦੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਸੀ। ਪਿਛਲੇ ਦੋ ਤਿੰਨ ਦਹਾਕਿਆਂ ਤੋਂ ਜ਼ੂਨੋਸਿਸ ਬਿਮਾਰੀਆਂ ਵਿਚ ਕਾਫੀ ਵਾਧਾ ਹੋਇਆ ਹੈ। ਇਸ ਦਾ ਕਾਰਨ ਵਾਤਾਵਰਨ ਵਿਚ ਬਦਲਾਓ, ਸ਼ਹਿਰੀਕਰਨ ਜਨਸੰਖਿਆ ਦਾ ਵਧਣਾ ਵੀ ਹੋ ਸਕਦਾ ਹੈ। ਜਿਵੇਂ ਕਿ ਸਾਡੇ ਆਲੇ ਦੁਆਲੇ ਵੀ ਪਾਲਤੁ, ਜੰਗਲੀ ਅਤੇ ਅਵਾਰਾ ਘੁੰਮਣ ਵਾਲੇ ਜਾਨਵਰ ਅਤੇ ਪੰਛੀ ਹੁੰਦੇ ਹਨ, ਪਰ ਸਾਨੂੰ ਅੱਜ ਦੇ ਸਮੇਂ ਵਿਚ ਇਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਬੈਕਟੀਰੀਅਲ ਬਿਮਾਰੀਆਂ ਜਿਵੇਂ ਕਿ ਸਲਮੋਨੇਲਾ (ਟਾਈਫਾਇਡ), ਬਰੂਸੈਲਾ, ਲੈਪਟੋਸਪੀਰੋਸਿਸ ਪਲੇਗ, ਅੰਥਰੈਕਸ, ਈ ਕੌਲਾਈ, ਟੈਟਨਸ ਅਤੇ ਟੀਬੀ ਆਦਿ ਬਾਰੇ ਜਾਗਰੂਕਤਾ ਵੀ ਬੜੀ ਜ਼ਰੂਰੀ ਹੈ।

ਡਾ. ਹਰਵੀਨ ਕੌਰ ਨੇ ਇਨ੍ਹਾਂ ਵਿਚ ਰੇਬੀਜ਼, ਯੇਲੋ ਫੀਵਰ, ਬਰਡ ਫਲੂ ਅਤੇ ਸਵਾਈਨ ਫਲੂ ਵਿਸ਼ਾਣੂਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਹਨ। ਟਿਕ ਫੀਵਰ, ਕਓੂ ਫੀਵਰ, ਸਿਟਾਕੋਸਿਸ ਰਿਕਟਸਿਆ ਤੋਂ ਫੈਲਣ ਵਾਲੀਆਂ ਬਿਮਾਰੀਆਂ ਹਨ। ਟੋਕਸਪਲਾਸਮੋਸਿਸ, ਲਿਸਟਰਿਓਸਿਸ, ਲਾਈਮ ਡਜ਼ੀਜ ਪਰਜੀਵੀਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਹਨ।

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਦੇ ਉਪਾਅ ਵੀ ਸਾਂਝੇ ਕਰਨੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਆਪਣੇ ਪਾਲਤੂ ਜਾਨਵਰਾਂ, ਪੰਛੀਆਂ ਦੀ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਹਮੇਸ਼ਾ ਚੰਗੀ ਤਰ੍ਹਾਂ ਉਬਾਲ ਕੇ ਵਰਤਿਆ ਜਾਵੇ। ਫ਼ਲ ਸਬਜ਼ੀਆਂ ਧੋ ਕੇ ਅਤੇ ਸੁਕਾ ਕੇ ਵਰਤੀਆਂ ਜਾਣ। ਮੀਟ ਅਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ। ਪਾਲਤੂ ਜਾਨਵਰਾਂ ਨੂੰ ਡਾਕਟਰ ਕੋਲ ਹਰ ਤਿੰਨ ਮਹੀਨੇ ਬਾਅਦ ਚੈੱਕ ਕਰਵਾਉਣਾ ਚਾਹੀਦਾ ਹੈ। ਆਪਣੇ ਪਾਲਤੂ ਕੱਤੇ/ਬਿੱਲੀਆਂ ਨੂੰ ਸਮੇਂ-ਸਮੇਂ ਅਤੇ ਹਲਕਾਅ ਤੋਂ ਬਚਾਓ ਦਾ ਟੀਕਾ ਲਗਵਾ ਕੇ ਰੱਖਣਾ ਚਾਹੀਦਾ ਹੈ ਅਤੇ ਜੇਕਰ ਕੁੱਤਾ ਕੱਟ ਜਾਵੇ ਤਾਂ ਪੋਸਟ ਬਾਈਟ ਵੈਕਸੀਨ ਲਗਵਾਉਣ ਵਿਚ ਅਣਗਿਹਲੀ ਨਹੀਂ ਕਰਨੀ ਚਾਹੀਦੀ। ਇਹ ਵੈਕਸੀਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਉਪਲੱਬਧ ਹੈ। ਛੋਟੇ ਬੱਚਿਆਂ ਨੂੰ ਕੱਤੇ, ਬਿੱਲੀ, ਤੋਤੇ ਆਦਿ ਤੋਂ ਦੂਰ ਰੱਖਣਾ ਚਾਹੀਦਾ ਹੈ। ਜਾਨਵਰਾਂ ਦੇ ਮਲ ਮੂਤਰ ਨੂੰ ਚੰਗੀ ਤਰ੍ਹਾਂ ਡਿਸਪੋਜ਼ ਕਰਨਾ ਚਾਹੀਦਾ ਹੈ।