- ਡੇਂਗੂ ਦੇ ਜ਼ਿਆਦਾਤਰ ਕੇਸ ਪਾਸ਼ ਏਰੀਏ ਵਿੱਚੋਂ ਦਿਨ ਵੇਲੇ ਕੋਠੀਆਂ ਦਾ ਬੰਦ ਹੋਣ ਕਾਰਣ ਆ ਰਹੇ ਨੇ : ਡਾ. ਹਰਿੰਦਰਪਾਲ ਸਿੰਘ

- ਜ਼ਿਲ੍ਹੇ 'ਚ ਹੁਣ ਤੱਕ ਡੇਂਗੂ ਕਾਰਨ ਨਹੀਂ ਹੋਈ ਕਿਸੇ ਵੀ ਵਿਅਕਤੀ ਦੀ ਮੌਤ

ਨਾ ਹੀ ਹੈ ਕੋਈ ਡੇਂਗੂ ਤੋਂ ਗੰਭੀਰ ਪੀੜ੍ਹਤ ਮਰੀਜ਼

- ਹੁਣ ਤਕ ਮੋਗਾ ਜ਼ਿਲ੍ਹੇ 'ਚ ਕੁੱਲ੍ਹ 83 ਮਰੀਜ਼ ਡੇਂਗੂ ਪਾਜਿਟਿਵ ਪਾਏ ਗਏ

ਕੈਪਸ਼ਨ : ਡੇਂਗੂ ਦਾ ਲਾਰਵਾ ਲੱਭਦੀ ਹੋਈ ਸਿਹਤ ਵਿਭਾਗ ਦੀ ਟੀਮ।

ਨੰਬਰ : 15 ਮੋਗਾ 27 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਆਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਵਧ ਰਹੇ ਡੇਂਗੂ ਕੇਸਾਂ ਦੀ ਗਿਣਤੀ ਅਤੇ ਰੇਲਵੇ ਕਲੋਨੀ ਵਿੱਚ ਡੇਂਗੂ ਫੈਲਣ ਦੇ ਸੰਭਾਵੀ ਖਤਰੇ ਦੇ ਮੱਦੇਨਜ਼ਰ ਸਿਵਲ ਸਰਜਨ ਮੋਗਾ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ 7 ਮੈਂਬਰੀ ਟੀਮ ਨੂੰ ਲਾਰਵੇ ਵਾਲੀਆਂ ਥਾਵਾਂ ਦੀ ਪਹਿਚਾਣ ਕਰਕੇ ਲਾਰਵੇ ਨੂੰ ਨਸ਼ਟ ਕਰਵਾਉਣ ਅਤੇ ਪੂਰੇ ਇਲਾਕੇ ਵਿੱਚ ਸਪਰੇਅ ਅਤੇ ਫ਼ਾਗ ਕਰਨ ਲਈ ਰਵਾਨਾ ਕੀਤਾ ਗਿਆ। ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ ਨੇ ਜਿਆਦਾ ਡੇਂਗੂ ਕੇਸਾਂ ਵਾਲੇ ਇਲਾਕਿਆਂ ਵਿੱਚ ਨਗਰ ਨਿਗਮ ਮੋਗਾ ਨਾਲ ਤਾਲਮੇਲ ਕਰਕੇ ਸਪਰੇਅ ਅਤੇ ਫਾਗ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਮੋਗਾ ਵੱਲੋਂ ਅੱਜ ਸੱਤ ਮੈਂਬਰੀ ਟੀਮ ਵੱਲੋਂ ਰੇਲਵੇ ਕਲੋਨੀ ਵਿੱਚ ਮੌਜੂਦ ਸਾਰੀਆਂ ਰਿਹਾਇਸ਼ੀ, ਗੈਰ ਰਿਹਾਇਸ਼ੀ ਇਮਾਰਤਾਂ ਅਤੇ ਦਫਤਰਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਟੀਮ ਨੂੰ ਇੱਕ ਗੈਰ ਰਿਹਾਇਸ਼ੀ ਇਮਾਰਤ ਵਿੱਚ ਸਿਰਫ ਇੱਕ ਕੂਲਰ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ। ਇਹਤਿਆਤ ਵਜੋਂ ਨਾਲੀਆਂ, ਪਾਣੀ ਵਾਲੇ ਸਰੋਤਾਂ ਦੇ ਨੇੜੇ ਅਤੇ ਸਿੱਲ੍ਹੀਆਂ ਥਾਵਾਂ ਤੇ ਇੰਸੈਕਟੀਸਾਈਡ ਦਾ ਸਪਰੇਅ ਕਰਵਾਇਆ ਗਿਆ ਅਤੇ ਅਡਲਟ ਮੱਛਰ ਨੂੰ ਖਤਮ ਕਰਨ ਲਈ ਕੁੱਝ ਥਾਵਾਂ ਤੇ ਫਾਗ ਵੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਕਾਰਣ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਅਤੇ ਨਾ ਹੀ ਕੋਈ ਡੇਂਗੂ ਤੋਂ ਗੰਭੀਰ ਪੀੜ੍ਹਤ ਮਰੀਜ਼ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਸ਼ੁੱਕਰਵਾਰ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਪੂਰੇ ਇਲਾਕੇ ਅਤੇ ਝੁੱਗੀ ਝੌਂਪੜੀਆਂ ਵਿੱਚ ਸਪਰੇਅ ਅਤੇ ਫਾਗ ਕਰਵਾਈ ਗਈ ਸੀ, ਇਸ ਲਈ ਅੱਜ ਸਿਰਫ ਇੱਕ ਥਾ 'ਤੇ ਹੀ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਹੀ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਰੇਲਵੇ ਅਫਸਰ ਰਾਕੇਸ਼ ਕੁਮਾਰ ਨੂੰ ਖੁੱਲ੍ਹੇ ਅਸਮਾਨ ਥੱਲਿਓਂ ਟੈਂਕੀਆਂ ਵਗੈਰਾ ਚੁਕਵਾਉਣ ਅਤੇ ਸਫਾਈ ਕਰਵਾਉਣ ਲਈ ਨੋਟਿਸ ਵੀ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਥੇ ਸਫਾਈ ਕਰਵਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਮੋਗਾ ਜਿਲ੍ਹੇ ਵਿੱਚ ਕੁੱਲ੍ਹ 83 ਮਰੀਜ਼ ਡੇਂਗੂ ਪਾਜਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 49 ਮੋਗਾ ਸ਼ਹਿਰ, 30 ਪੇਂਡੂ ਇਲਾਕਿਆਂ ਵਿੱਚੋਂ ਅਤੇ ਚਾਰ ਮੋਗਾ ਜਿਲ੍ਹੇ ਤੋਂ ਬਾਹਰ ਦੇ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਇਲਾਕਿਆਂ ਵਿੱਚੋਂ ਧਰਮਕੋਟ ਏਰੀਆ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੋਂ 13 ਮਰੀਜ਼ ਪਾਜਿਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਬ੍ਰੀਡਿੰਗ ਸੀਜ਼ਨ ਪੂਰੇ ਜੋਬਨ ਤੇ ਹੈ ਤੇ ਢੁਕਵਾਂ ਤਾਪਮਾਨ ਹੋਣ ਕਾਰਨ ਮਰੀਜ ਜਿਆਦਾ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਆਦਾਤਰ ਕੇਸ ਪਾਸ਼ ਏਰੀਏ ਵਿੱਚੋਂ ਆ ਰਹੇ ਹਨ, ਜਿਸ ਦਾ ਮੁੱਖ ਕਾਰਨ ਦਿਨ ਵੇਲੇ ਕੋਠੀਆਂ ਦਾ ਬੰਦ ਹੋਣਾ ਹੈ, ਕਿਉਂਕਿ ਜਦ ਸਿਹਤ ਵਿਭਾਗ ਦੀਆਂ ਟੀਮਾਂ ਜਾਂਚ ਕਰਨ ਲਈ ਜਾਂਦੀਆ ਹਨ ਤਾਂ ਇਹ ਕੋਠੀਆਂ ਬੰਦ ਹੁੰਦੀਆਂ ਹਨ, ਜਿਸ ਕਾਰਨ ਜਾਂਚ ਕੀਤੇ ਬਾਕੀ ਘਰਾਂ ਦਾ ਵੀ ਜਿਆਦਾ ਫਾਇਦਾ ਨਹੀਂ ਹੁੰਦਾ । ਉਨ੍ਹਾਂ ਦੱਸਿਆ ਕਿ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਸੂਚੀ ਨਗਰ ਨਿਗਮ ਮੋਗਾ ਨੂੰ ਸਪਰੇਅ ਅਤੇ ਫਾਗਿੰਗ ਕਰਵਾਉਣ ਲਈ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਮਿਹਨਤ ਕਰ ਰਹੀਆਂ ਹਨ ਤੇ ਲੋਕਾਂ ਨੂੰ ਖੁਦ ਵੀ ਆਪਣੇ ਘਰਾਂ ਦੀ ਜਾਂਚ ਕਰਕੇ ਸਾਫ ਪਾਣੀ ਵਾਲੇ ਸ੍ਰੋਤਾਂ ਦੀ ਸਫਾਈ ਕਰਨੀ ਚਾਹੀਦੀ ਹੈ, ਤਾਂ ਜੋ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।