Punjab news ਸਮਾਧ ਭਾਈ, ਮੋਗਾ : ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਪਿੰਡ ਸਮਾਧ ਭਾਈ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਪਾਲਕੀ 'ਚ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਪਰਿਕਰਮਾ ਦੌਰਾਨ ਗਿਆਨੀ ਮੇਹਰ ਸਿੰਘ ਤੇ ਨਿਰਭੈ ਸਿੰਘ ਵੱਲੋਂ ਰਸਮਈ ਕੀਰਤਨ ਕੀਤਾ ਗਿਆ। ਵੱਖ-ਵੱਖ ਪੜਾਵਾਂ ਤੇ ਭਾਈ ਸੁਖਜਿੰਦਰ ਸਿੰਘ ਨੂਰ ਦੇ ਜਥੇ ਨੇ ਭਗਤ ਰਵਿਦਾਸ ਜੀ ਦਾ ਜੀਵਨ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਭਗਤ ਜੀ ਦੇ ਸੰਘਰਸ਼ਮਈ ਜੀਵਨ ਤੋਂ ਸਿੱਖਿਆ ਲੈਂਦਿਆਂ ਆਪਣਾ ਜੀਵਨ ਪੱਧਰ ਉੱਚਾ ਕਰਨ ਲਈ ਗੁਰਬਾਣੀ ਤੋਂ ਸੇਧ ਲੈਣ ਦੀ ਅਪੀਲ ਕੀਤੀ। ਪਿੰਡ ਲੰਡੇ ਦੀ ਗੱਤਕਾ ਪਾਰਟੀ ਨੇ ਆਪਣੀ ਕਲਾ ਦੇ ਜੌਹਰ ਦਿਖਾਕੇ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਵੱਖ-ਵੱਖ ਪੜਾਵਾਂ 'ਤੇ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸੰਗਤਾਂ ਲਈ ਲੰਗਰ ਲਗਾਏ ਗਏ ਸਨ।

ਇਸ ਮੌਕੇ ਗੁਰਚਰਨ ਸਿੰਘ ਹਕੀਮ, ਕਰਨਲ ਦਰਸ਼ਨ ਸਿੰਘ, ਨੰਬਰਦਾਰ ਸੁਖਦਰਸ਼ਨ ਸਿੰਘ ਸਰਪੰਚ ਕੁਲਵਿੰਦਰ ਸਿੰਘ ਤਰਸੇਮ ਸੇਮਾ, ਪ੍ਰਧਾਨ ਜਗਜੀਤ ਸਿੰਘ, ਸਰਪੰਚ ਗੁਰਚਰਨ ਸਿੰਘ, ਬਿੱਕਰ ਸਿੰਘ ਭਾਈ, ਮੱਘਰ ਭਿੰਡਰ, ਸਰਪੰਚ ਗੁਰਮੇਲ ਸਿੰਘ, ਬਲਵਿੰਦਰਜੀਤ ਸਿੰਘ ਬਰਾੜ, ਤਰਸੇਮ ਸੰਗਮ, ਸਤਨਾਮ ਭਾਈ, ਤਰਲੋਚਨ ਪੱਪੀ, ਨੇਕ ਭਾਈ, ਮੱਖਣ ਕਲੇਰ ਆਦਿ ਵੀ ਹਾਜ਼ਰ ਸਨ। ਸਟੇਜ ਦੀ ਕਾਰਵਾਈ ਬਲਵਿੰਦਰ ਸਿੰਘ ਸਰੋਆ ਨੇ ਬਾਖੂਬੀ ਨਿਭਾਈ।

Posted By: Sarabjeet Kaur