ਲਖਵੀਰ ਸਿੰਘ, ਮੋਗਾ : ਪਿੰਡ ਘੋਲੀਆ ਖੁਰਦ ਦੀ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਤੈਰਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕੀਤੀ ਗਈ, ਜੋ ਬੋਰੀ ਵਿਚ ਪਾਈ ਤੇ ਸਾਈਕਲ ਨਾਲ ਬੰਨੀ ਹੋਈ ਸੀ। ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਕੇ ਲਾਸ਼ ਨਹਿਰ 'ਚ ਸੁੱਟੀ ਹੈ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ।

ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਚੌਂਕੀਦਾਰ ਸੁਰਜੀਤ ਸਿੰਘ ਪੁੱਤਰ ਪਾਲਾ ਸਿੰਘ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਹ ਸੈਰ ਕਰਨ ਲਈ ਪਿੰਡ ਦੇ ਨੇੜੇ ਲੰਘਦੀ ਨਹਿਰ ਅਬੋਹਰ ਸ਼ਾਖਾ 'ਤੇ ਗਿਆ ਸੀ ਜਿੱਥੇ ਉਸ ਨੂੰ ਪਾਣੀ ਵਿਚ ਤੈਰਦੀ ਹੋਈ ਲਾਸ਼ ਦਿਖਾਈ ਦਿੱਤੀ। ਸੂਚਨਾ ਮਿਲਦੇ ਸਾਰ ਪੁਲਿਸ ਨੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਸੇਵਾਦਾਰਾਂ ਦੀ ਮਦਦ ਨਾਲ ਨਹਿਰ ਵਿਚ ਤੈਰਦੀ ਲਾਸ਼ ਨੂੰ ਬਾਹਰ ਕੱਢਿਆ। ਉਕਤ ਲਾਸ਼ ਕਾਲੇ ਰੰਗ ਦੇ ਕੱਪੜੇ ਵਿਚ ਲਪੇਟ ਕੇ ਪਲਾਸਟਿਕ ਦੀ ਬੋਰੀ ਵਿਚ ਪਾ ਕੇ ਬੋਰੀ ਦਾ ਮੂੰਹ ਰੱਸੀ ਨਾਲ ਬੰਨਿਆ ਹੋਇਆ ਸੀ ਅਤੇ ਬੋਰੀ ਸਾਈਕਲ ਨਾਲ ਬੰਨ ਕੇ ਨਹਿਰ ਵਿਚ ਸੁੱਟੀ ਹੋਈ ਸੀ। ਲਾਸ਼ 30-32 ਸਾਲ ਦੇ ਅਣਪਛਾਤੇ ਵਿਅਕਤੀ ਦੀ ਹੈ ਜਿਸ ਦੇ ਦਾੜੀ ਕੇਸ ਕੱਟੇ ਹੋਏ ਸਨ ਅਤੇ ਸੱਜੇ ਡੋਲ਼ੇ 'ਤੇ ਤਿ੍ਸ਼ੂਲ ਖੁਦਵਾਇਆ ਹੋਇਆ ਸੀ ਜੋ ਪਾਣੀ ਵਿਚ ਰਹਿਣ ਕਰਕੇ ਕਾਫੀ ਖ਼ਰਾਬ ਹੋ ਚੁੱਕੀ ਸੀ। ਪੁਲਿਸ ਨੇ ਉਕਤ ਬਿਆਨਾਂ 'ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਮਿ੍ਤਕ ਦੀ ਲਾਸ਼ ਸਿਵਲ ਹਸਪਤਾਲ ਮੋਗਾ ਵਿਖੇ 72 ਘੰਟੇ ਵਾਸਤੇ ਪਛਾਣ ਲਈ ਰਖਵਾ ਦਿੱਤਾ ਹੈ।