ਸਵਰਨ ਗੁਲਾਟੀ, ਮੋਗਾ : ਥਾਣਾ ਬੱਧਨੀ ਕਲਾਂ ਦੇ ਅਧੀਨ ਪੈਂਦੇ ਪਿੰਡ ਬੁਰਜ ਦੁੱਨਾ ਵਿਖੇ ਗਲ਼ੀ 'ਚ ਲੜ ਰਹੇ ਲੋਕਾਂ ਨੂੰ ਛੁਡਾਉਣ ਗਏ ਵਿਅਕਤੀ ਦੇ ਸਿਰ ਵਿਚ ਇੱਟ ਵੱਜਣ ਨਾਲ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਇੱਟਾਂ ਚਲਾਉਣ ਦੇ ਦੋਸ਼ ਵਿਚ ਇਕ ਔਰਤ ਸਮੇਤ ਚਾਰ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਸੇਵਕ ਸਿੰਘ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਬੁਰਜ ਦੁੱਨਾ ਵੱਲੋਂ ਪੁਲਿਸ ਦਿੱਤੇ ਬਿਆਨ ਵਿਚ ਕਿਹਾ ਕਿ 9 ਅਗਸਤ ਦੀ ਦੇਰ ਸ਼ਾਮ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਜਸਵਿੰਦਰ ਉਰਫ ਲਾਲਾ, ਹਰਪਿੰਦਰ ਸਿੰਘ ਉਰਫ ਬਿੰਦਾ ਦੋਨੋਂ ਭਰਾ ਅਤੇ ਉਨ੍ਹਾਂ ਦਾ ਪਿਤਾ ਗੁਰਦੀਪ ਸਿੰਘ ਅਤੇ ਲਖਵਿੰਦਰ ਕੌਰ ਚਾਰੋਂ ਜਾਣੇ ਗੁਰਚੰਦ ਸਿੰਘ ਅਤੇ ਹਰਦੀਪ ਸਿੰਘ ਨਾਲ ਲੜਾਈ ਝਗੜਾ ਕਰ ਰਹੇ ਸੀ ਅਤੇ ਇਕ-ਦੂਜੇ 'ਤੇ ਇੱਟਾਂ-ਰੋੜੇ ਚਲਾ ਰਹੇ ਸੀ। ਇਸ ਦੌਰਾਨ ਉਸ ਦਾ ਪਤੀ ਸ਼ਿੰਦਰ ਸਿੰਘ ਉਨ੍ਹਾਂ ਨੂੰ ਛੁਡਾਉਣ ਲਈ ਗਿਆ ਤਾਂ ਝਗੜਾ ਕਰ ਰਹੇ ਜਸਵਿੰਦਰ ਸਿੰਘ ਉਰਫ ਲਾਲਾ ਵੱਲੋਂ ਚਲਾਈ ਗਈ ਇੱਟ ਉਸ ਦੇ ਪਤੀ ਦੇ ਸਿਰ ਵਿਚ ਜਾ ਲੱਗੀ। ਲਹੂ-ਲੁਹਾਣ ਹੋ ਕੇ ਉਸ ਦਾ ਪਤੀ ਜ਼ਮੀਨ 'ਤੇ ਡਿੱਗ ਪਿਆ ਅਤੇ ਇੱਟ ਚਲਾਉਣ ਵਾਲਾ ਜਸਵਿੰਦਰ ਸਿੰਘ ਅਤੇ ਉਸ ਦਾ ਪਰਿਵਾਰ ਮੌਕੇ ਤੋਂ ਫਰਾਰ ਹੋ

ਗਿਆ। ਉਸ ਦੇ ਪਤੀ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਵੇਖਦਿਆ ਉਸ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਿਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮ੍ਰਿਤਕ ਦੀ ਪਤਨੀ ਦੇ ਬਿਆਨ ਲੈ ਕੇ ਜਸਵਿੰਦਰ ਸਿੰਘ ਉਰਫ ਲਾਲਾ, ਹਰਪਿੰਦਰ ਸਿੰਘ, ਗੁਰਦੀਪ ਸਿੰਘ ਅਤੇ ਲਖਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Seema Anand