ਹਰਿੰਦਰ ਭੱਲਾ, ਬਾਘਾਪੁਰਾਣਾ : ਪੁਲਿਸ ਵੱਲੋਂ ਕਾਬੂ ਕੀਤਾ ਗਿਆ ਭਗੌੜਾ ਕੋਰੋਨਾ ਪਾਜ਼ੇਟਿਵ ਵਿਅਕਤੀ ਬਾਘਾਪੁਰਾਣਾ ਦੇ ਸਿਵਲ ਹਸਪਤਾਲ ਵਿਚਲੇ ਆਈਸੋਲੇਸ਼ਨ ਵਾਰਡ ਦੀ ਖਿੜਕੀ ਤੋੜ ਕੇ ਅਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਪਤਾ ਲੱਗਦਿਆ ਹੀ ਪੁਲਿਸ ਨੂੰ ਭਾਜੜਾਂ ਪਈਆ ਹੋਈਆ ਹਨ। ਜਦੋਂ ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੀ ਇੰਚਾਰਜ ਮਹਿੰਦਰ ਕੌਰ ਵੱਲੋਂ ਪੁਲਿਸ ਥਾਣਾ ਬਾਘਾਪੁਰਾਣਾ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਰਾਰ ਹੋਇਆ ਭਗੌੜਾ ਮੁਕੱਦਮਾ ਨੰਬਰ 135 ਮਿਤੀ 11-06-2019 ਅਧੀਨ ਧਾਰਾ 498 ਏ, 406.494 ਆਈ.ਪੀ.ਸੀ ਤਹਿਤ ਮੋਗਾ ਸਿਟੀ 1 ਨੰਬਰ ਵਿਖੇ ਦਰਜ ਮਾਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੀ। ਫਰਾਰ ਹੋਏ ਬਲਕਾਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਕੰਮੇਆਣਾ (ਫਰੀਦਕੋਟ) ਦੇ ਭਗੌੜਾ ਹੋਣ 'ਤੇ ਇਸ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਹੋਏ ਸਹਾਇਕ ਥਾਣੇਦਾਰ ਲਖਵੀਰ ਸਿੰਘ,ਹਰਦੀਪ ਦਾਸ, ਹੌਲਦਾਰ ਹਰਵਿੰਦਰ ਕੁਮਾਰ,ਗਗਨਦੀਪ ਸਿੰਘ ਤੋਂ ਇਲਾਵਾ ਬਲਕਾਰ ਸਿੰਘ ਦੇ ਖਿਲਾਫ ਬਾਘਾਪੁਰਾਣਾ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਜਿਸ ਦੀ ਅਗਲੇਰੀ ਪੁਲਿਸ ਕਾਰਵਾਈ ਸਬ ਇੰਸਪੈਕਟਰ ਮਨਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਭਗੌੜਾ ਪੁਲਿਸ ਦੇ ਹੱਥ ਨਹੀਂ ਆ ਸਕਿਆ।

Posted By: Jagjit Singh