ਐੱਨਐੱਸ. ਲਾਲੀ, ਕੋਟ ਈਸੇ ਖਾਂ

ਕੇਂਦਰ ਸਰਕਾਰ ਵੱਲੋਂ ਆਏ ਦਿਨ ਤੇਲ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ 'ਚ ਪਾਰਟੀ ਵੱਲੋਂ ਦਿੱਤੇ ਗਏ ਪੋ੍ਗਰਾਮ ਅਨੁਸਾਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਥਾਨਕ ਸ਼ਹਿਰ ਦੇ ਜ਼ੀਰਾ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਇਸ ਮੌਕੇ ਧਰਨਾਕਾਰੀਆਂ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ ਤੇ ਨਾਅਰੇਬਾਜ਼ੀ ਕੀਤੀ। ਚੇਅਰਮੈਨ ਸਵਾਜ਼ ਸਿੰਘ ਭੋਲਾ ਮਸਤੇਵਾਲਾ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਨਗਰ ਪੰਚਾਇਤ ਪ੍ਰਧਾਨ ਕੁਲਦੀਪ ਸਿੰਘ ਰਾਜਪੂਤ, ਵਾਈਸ ਪ੍ਰਧਾਨ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਮੀਰ ਘਰਾਣਿਆਂ ਦੀ ਕਠਪੁਤਲੀ ਵਜੋਂ ਕੰਮ ਕਰ ਰਹੀ ਅਤੇ ਬਿਨਾਂ ਕਿਸੇ ਡਰ ਭੈਅ ਸਰਮਾਏਦਾਰ ਘਰਾਣੇ ਆਮ ਲੋਕਾਂ ਦੀ ਅੰਨ੍ਹੇਵਾਹ ਦੋਹੀਂ ਹੱਥੀਂ ਲੁੱਟ ਕਰ ਰਹੇ ਹਨ। ਭਾਜਪਾ ਦੇ ਅਮੀਰਾਂ ਦੇ ਹੱਥਾਂ 'ਚ ਖੇਡਣ ਕਰਕੇ ਹੀ ਆਏ ਦਿਨ ਤੇਲ ਕੀਮਤਾਂ ਵਿੱਚ ਬੇਹਤਾਸ਼ਾ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਦੇ ਕਾਰੋਬਾਰ 'ਤੇ ਭੈੜਾ ਅਸਰ ਪਿਆ ਹੈ ਅਤੇ ਬੇਹੱਦ ਮਹਿੰਗਾਈ ਹੋਣ ਕਰਕੇ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਅੌਖਾ ਜਾਪਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਛੇ ਦਿਨਾਂ ਦੇ ਸੁਪਨੇ ਦਿਖਾ ਕੇ ਭਾਜਪਾ ਨੇ ਸੱਤਾ ਤਾਂ ਹਥਿਆ ਲਈ। ਪਰ ਆਮ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਦਰਅਸਲ ਸਭ ਤੋਂ ਬੁਰੇ ਦਿਨ ਵੇਖਣੇ ਪੈ ਰਹੇ ਹਨ। ਕਿਸਾਨ ਆਪਣੇ ਸੁਰੱਖਿਅਤ ਭਵਿੱਖ ਲਈ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਧਰਨਿਆਂ 'ਤੇ ਹਨ, ਪਰ ਇਸਦੇ ਬਾਵਜੂਦ ਕੇਂਦਰੀ ਹਾਕਮਾਂ ਵੱਲੋਂ ਜਨਤਾ ਦੀ ਆਵਾਜ਼ ਸੁਣਨ ਦੀ ਥਾਂ ਉਸ ਨੂੰ ਦਬਾਉਣ ਲਈ ਯਤਨ ਕੀਤੇ ਜਾ ਰਹੇ ਹਨ ਜੋ ਲੋਕਤੰਤਰਿਕ ਪ੍ਰਣਾਲੀ ਲਈ ਬੇਹੱਦ ਗੰਭੀਰ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਪਿ੍ਰਤਪਾਲ ਸਿੰਘ ਚੀਮਾ, ਪਰਮਿੰਦਰ ਸਿੰਘ ਜਨੇਰ, ਸੁਖ

ਸੰਧੂ, ਕੌਂਸਲਰ ਪ੍ਰਦੀਪ ਪਲਤਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਮਹਿਤਾਬ ਸਿੰਘ ਸੰਧੂ, ਕੁਲਵੰਤ ਸਿੰਘ ਨਿਹਾਲਗੜ੍ਹ, ਸ਼ਹਿਰੀ ਪ੍ਰਧਾਨ ਪ੍ਰਮੋਦ ਕੁਮਾਰ ਬੱਬੂ , ਕੌਂਸਲਰ ਬੱਗੜ ਸਿੰਘ, ਲਖਪਤ ਰਾਏ ਮਲਹੋਤਰਾ, ਮਹਿੰਦਰ ਸਿੰਘ ਰਾਜਪੂਤ, ਰਮੇਸ਼ ਮਲਹੋਤਰਾ ਆਦਿ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।