ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : 350 ਕਰੋੜ ਦੇ ਘਪਲੇ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਲਾਏ ਗਏ ਦੋਸ਼ਾਂ ਖ਼ਿਲਾਫ਼ ਅੱਜ ਵਿਧਾਇਕ ਡਾ. ਹਰਜੋਤ ਨੇ ਚੀਮਾ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਚੰਡੀਗੜ੍ਹ ਵਿਖੇ 10 ਜੂਨ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੀਮਾ ਵੱਲੋਂ ਨਵੀਂ ਨਿਰਮਾਣ ਹੋ ਰਹੀ ਨੈਸ਼ਨਲ ਹਾਈਵੇਅ 105 ਬੀ ਲਈ ਮੋਗਾ ਵਿਖੇ ਜ਼ਮੀਨ ਅਧਿਗ੍ਹਿਣ ਦੌਰਾਨ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਇਸ ਨੂੰ ਮਹਿਜ਼ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਮਨਘੜਤ ਬੇਸਮਝੀ ਵਾਲੀ ਸਾਜ਼ਿਸ਼ ਕਰਾਰ ਦਿੱਤਾ ਸੀ। ਡਾ. ਕਮਲ ਨੇ ਚੀਮਾ ਨੂੰ ਆਪਣੇ ਵਕੀਲ ਹਰਦੀਪ ਸਿੰਘ ਲੋਧੀ ਰਾਹੀਂ ਮਾਣਹਾਨੀ ਦਾ ਨੋਟਿਸ ਭੇਜਿਆ ਸੀ ਪਰ ਚੀਮਾ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣ ਉਪਰੰਤ ਅੱਜ ਡਾ. ਹਰਜੋਤ ਨੇ ਚੀਮਾ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ।

ਡਾ. ਹਰਜੋਤ ਨੇ ਆਖਿਆ ਕਿ ਚੀਮਾ ਵੱਲੋਂ ਲਾਏ ਗਏ ਦੋਸ਼ ਬੇਤੁਕੇ ਸਨ, ਕਿਉਂਕਿ 350 ਕਰੋੜ ਦੀ ਟਰਾਂਸਫਰ ਵਾਲੇ ਐਕਸਿਸ ਬੈਂਕ ਦਾ ਜ਼ਿਕਰ ਕਰਨ ਵਾਲੇ ਚੀਮਾ ਨੂੰ ਇਹ ਵੀ ਨਹੀਂ ਪਤਾ ਕਿ ਮੋਗਾ ਦੇ ਅਜੀਤਵਾਲ ਕਸਬੇ ਵਿਚ ਐਕਸਿਸ ਬੈਂਕ ਦੀ ਕੋਈ ਬਰਾਂਚ ਹੈ ਹੀ ਨਹੀਂ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਤੇ ਚੀਮਾ ਖਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।

ਡਾ. ਕਮਲ ਨੇ ਕਿਹਾ ਕਿ ਲੋਕਾਂ ਦੇ ਚੁਣੇ ਨੁਮਾਇੰਦੇ 'ਤੇ ਦੋਸ਼ ਲਾਉਣ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਨੂੰ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਸੀ। ਜੇ ਚੀਮਾ ਕਿਸੇ ਘੁਟਾਲੇੇ ਦੀ ਜਾਂਚ ਦੀ ਮੰਗ ਕਰਦੇ ਤਾਂ ਉਹ ਜਾਇਜ਼ ਗੱਲ ਸੀ ਪਰ ਤੱਥਾਂ ਰਹਿਤ ਦੋਸ਼ ਲਾਉਣਾ ਸ਼ੋਭਾ ਨਹੀਂ ਦਿੰਦਾ, ਖਾਸ ਕਰ ਕੇ ਇਕ ਪੜ੍ਹੇ ਲਿਖੇ ਵਕੀਲ ਅਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਵਕਾਰੀ ਅਹੁਦੇ 'ਤੇ ਬਿਰਾਜਮਾਨ ਵਿਅਕਤੀ ਨੂੰ। ਉਨ੍ਹਾਂ ਵੱਲੋਂ ਲਾਏ ਦੋਸ਼ਾਂ ਕਾਰਨ ਦਿਲ ਨੂੰ ਠੇਸ ਪਹੁੰਚੀ ਹੈ।

'ਹੁਣ ਚੀਮਾ ਨੂੰ ਕਚਹਿਰੀ 'ਚ ਦੇਣਾ ਪਵੇਗਾ ਜਵਾਬ'

ਡਾ. ਕਮਲ ਨੇ ਕਿਹਾ ਕਿ ਚੀਮਾ ਨੂੰ 15 ਜੂਨ ਨੂੰ ਮਾਣਹਾਨੀ ਦਾ ਕਾਰਨ ਦੱਸੋ ਨੋਟਿਸ ਭੇਜਿਆ ਸੀ ਪਰ ਕੋਈ ਜਵਾਬ ਨਾ ਆਉਣ 'ਤੇ ਇਕ ਮਹੀਨਾ ਬੀਤਣ ਉਪਰੰਤ ਉਨ੍ਹਾਂ ਕਾਨੂੰਨ ਦਾ ਰਸਤਾ ਅਖਤਿਆਰ ਕੀਤਾ ਹੈ ਤੇ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਹੁਣ ਚੀਮਾ ਨੂੰ ਆਪਣਾ ਜਵਾਬ ਕਚਹਿਰੀ ਵਿਚ ਪੇਸ਼ ਹੋ ਕੇ ਹੀ ਦੇਣਾ ਪਵੇਗਾ। ਮਾਣਹਾਨੀ ਦੇ ਨੋਟਿਸ ਰਾਹੀਂ ਉਨ੍ਹਾਂ ਨੇ ਪੈਸੇ ਦੀ ਮੰਗ ਨਹੀਂ ਸੀ ਕੀਤੀ ਬਲਕਿ ਬਿਨਾਂ ਤੱਥ ਦੂਸ਼ਣਬਾਜ਼ੀ ਕਰਨ ਲਈ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਸੀ।