ਲਖਵੀਰ ਸਿੰਘ, ਮੋਗਾ : ਜੰਗਲਾਤ ਵਿਭਾਗ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ 'ਚ ਪੁਲਿਸ ਵੱਲੋਂ ਮਾਂ ਪੁੱਤਰ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਵਾਸੀ ਪਿੰਡ ਚੱਕ ਕਿਸਾਨ (ਧਰਮਕੋਟ) ਜ਼ਿਲ੍ਹਾ ਮੋਗਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਗੁਰਅਵਤਾਰ ਸਿੰਘ, ਕਸ਼ਮੀਰ ਕੌਰ ਪਤਨੀ ਅੰਗਰੇਜ ਸਿੰਘ ਵਾਸੀਆਨ ਖੇਮਕਰਨ ਜ਼ਿਲ੍ਹਾ ਤਰਨ ਤਾਰਨ ਅਤੇ ਲਖਵਿੰਦਰ ਸਿੰਘ ਉਰਫ ਬਲਵਿੰਦਰ ਸਿੰਘ ਵਾਸੀ ਪਿੰਡ ਝੁੱਗੀਆਂ ਨਾਥਾਂ ਜ਼ਿਲ੍ਹਾ ਤਰਨ ਤਾਰਨ ਨੇ ਉਸ ਨੂੰ ਜੰਗਲਾਤ ਵਿਭਾਗ (ਵਣ ਵਿਭਾਗ) ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਸ ਨਾਲ 7 ਲੱਖ ਰੁਪਏ ਦੀ ਠੱਗੀ ਮਾਰ ਲਈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀ.ਐਸ.ਪੀ. ਸਕਿਊਰਟੀ ਅਤੇ ਅਪਰੇਸ਼ਨ ਮੋਗਾ ਪਾਸੋਂ ਕਰਵਾਉਣ ਉਪਰੰਤ ਉਕਤ ਗੁਰਅਵਤਾਰ ਸਿੰਘ, ਕਸ਼ਮੀਰ ਕੌਰ ਅਤੇ ਲਖਵਿੰਦਰ ਸਿੰਘ ਖਿਲਾਫ ਅ/ਧ 420, 406, 120-ਬੀ ਆਈ.ਪੀ.ਸੀ.ਐਕਟ ਤਹਿਤ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕਰ ਲਿਆ ਹੈ।