ਪੱਤਰ ਪ੍ਰੇਰਕ, ਮੋਗਾ : ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਉਸੇ ਗੁਰਦੁਆਰੇ ’ਚ ਰਾਤ ਕੱਟੀ ਜਿੱਥੇ ਉਹ ਸਾਲ 2016 ਵਿਚ ਸਾਈਕਲ ਯਾਤਰਾ ਦੌਰਾਨ ਰੁਕੇ ਸਨ। ਮੁੱਖ ਮੰਤਰੀ ਚੰਨੀ ਜਦੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਪੰਜਾਬੀਆਂ ਨੂੰ ਜਾਣੂੰ ਕਰਵਾਉਣ ਲਈ ਸੂਬੇ ਭਰ ਵਿਚ ਸਾਈਕਲ ਯਾਤਰਾ ਕੱਢੀ ਸੀ। ਜਦੋਂ ਇਹ ਯਾਤਰਾ ਮੋਗੇ ਪਹੁੰਚੀ ਸੀ ਤਾਂ ਮੁੱਖ ਮੰਤਰੀ ਚੰਨੀ ਨੇ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਰਾਤ ਬਿਤਾਈ ਸੀ। ਹਾਲਾਂਕਿ ਮੁੱਖ ਮੰਤਰੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਨੇ ਮੋਗਾ ਦੇ ਦੌਰੇ ਦੌਰਾਨ ਕਈ ਸਮਾਗਮਾਂ ਵਿਚ ਸ਼ਿਰਕਤ ਕੀਤੀ ਤਾਂ ਉਹ ਕਿਸੇ ਹੋਟਲ, ਰੈਸਟ ਹਾਊਸ ਜਾਂ ਕਿਸੇ ਪਾਰਟੀ ਲੀਡਰ ਦੇ ਆਲੀਸ਼ਾਨ ਘਰ ਵਿਚ ਰੁਕਣ ਦੀ ਬਜਾਏ ਇਸੇ ਗੁਰਦੁਆਰੇ ’ਚ ਰੁਕਣ ਲਈ ਪਹੁੰਚੇ।

Posted By: Jatinder Singh