ਵਕੀਲ ਮਹਿਰੋਂ, ਮੋਗਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਗੱਡੀਆਂ ਦੀਆਂ ਲਾਈਨਾਂ ਉਪਰ ਧਰਨਾ ਲਗਾਇਆ ਗਿਆ। ਇਸ ਮੌਕੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਰਣਜੀਤ ਸਿੰਘ ਨਿਧਾਂਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਅੱਜ ਡਗਰੂ ਰੇਲਵੇ ਲਾਈਨਾਂ ਉੱਤੇ 10 ਵਜੇ ਤੋਂ 4 ਵਜੇ ਤਕ ਧਰਨਾ ਦਿੱਤਾ। ਇਸ ਰੇਲ ਜਾਮ ਧਰਨੇ ਵਿੱਚ ਇਲਾਕੇ ਦੇ ਪਿੰਡਾਂ ਤੋਂ ਸੈਂਕੜੇ ਲੋਕ ਪੁੱਜੇ। ਇਸ ਰੇਲ ਜਾਮ ਧਰਨੇ ਦੀ ਵਜ੍ਹਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਅਸ਼ੀਸ਼ ਮਿਸ਼ਰਾ ਨੇ ਲਖੀਮਪੁਰ ਖੀਰੀ ਵਿਖੇ ਤੇਜ਼ ਰਫਤਾਰ ਗੱਡੀ ਚੜ੍ਹਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ। ਅਸ਼ੀਸ਼ ਮਿਸ਼ਰਾ ਅਤੇ ਉਸ ਦੇ ਨਾਲ ਦਿਆਂ ਨੂੰ ਪੁਲਿਸ ਨੇ ਭਾਵੇਂ ਗ੍ਰਿਫ਼ਤਾਰ ਕਰ ਲਿਆ, ਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਉਨ੍ਹਾਂ ਨੂੰ ਬਚਾਉਣ ਦੇ ਪੂਰੇ ਯਤਨ ਕਰ ਰਿਹਾ ਹੈ। ਅਜੇ ਮਿਸ਼ਰਾ ਖ਼ੁਦ ਵੀ ਪਹਿਲਾਂ ਹੀ ਧਮਕੀਆਂ ਦੇ ਰਿਹਾ ਸੀ ਕਿ ਵਿਰੋਧ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਾਂਗੇ, ਕੋਈ ਕਾਲਾ ਝੰਡਾ ਨਾ ਦਿਖਾਵੇ।ਅਜਿਹੇ ਚੈਲੇਂਜ ਵਿੱਚ ਉੱਥੋਂ ਦੇ ਕਿਸਾਨ ਆਗੂਆਂ ਨੇ ਕਾਲੇ ਝੰਡੇ ਦਿਖਾਉਣ ਦੀ ਹਿੰਮਤ ਕੀਤੀ। ਇਸ ਕਰਕੇ ਸ਼ਹੀਦੀਆਂ ਦੇਣ ਵਾਲੇ ਕਿਸਾਨ ਅਤੇ ਪੱਤਰਕਾਰ ਸ਼ਹੀਦਾਂ ਦੇ ਸਿਰਤਾਜ ਬਣ ਗਏ। ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਅਜੇ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਵੀ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਜਦੋਂ ਇਹ ਗੱਲ ਮੰਨੀ ਨਹੀਂ ਗਈ ਤਾਂ ਅੱਜ ਪੂਰੇ ਭਾਰਤ ਦੇ ਵਿਚ ਰੇਲਾਂ ਜਾਮ ਕੀਤੀਆਂ ਗਈਆਂ ਹਨ।

ਰੈਲੀ ਨੂੰ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਜ਼ਿਲਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਜ਼ੋਰਾ ਸਿੰਘ ਫੌਜੀ, ਸੂਬਾ ਸਿੰਘ, ਨਰਧੀਰ ਸਿੰਘ ਡਰੋਲੀ, ਸੰਦੀਪ ਸਿੰਘ ਚੂਹੜਚੱਕ, ਨਿਰਮਲ ਸਿੰਘ ਧੂੜਕੋਟ, ਗੁਰਜੀਤ ਸਿੰਘ ਜਲਾਲਾਬਾਦ ਬੀਕੇਯੂ ਔਰਤ ਵਿੰਗ ਦੇ ਆਗੂ, ਕਿਰਨਦੀਪ ਕੌਰ ਡਰੋਲੀ, ਜਸਵਿੰਦਰ ਕੌਰ ਧੂੜਕੋਟ, ਅਮਰਜੀਤ ਕੌਰ ਧੂੜਕੋਟ ਕਰਮਜੀਤ ਕੌਰ ਢੁਡੀਕੇ, ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ, ਦਰਸ਼ਨ ਸਿੰਘ ਤੂਰ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸ਼ਿੰਦਰ ਸਿੰਘ ਸਾਫ਼ੂਵਾਲਾ ਨੇ ਸੰਬੋਧਨ ਕੀਤਾ।

ਸਾਰੇ ਆਗੂਆਂ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਸਦਨ ਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ।ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸਿੰਘੋ ਵਾਰਡਰ ਦੇ ਹੋਏ ਕਤਲ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਕੇ ਸੱਚਾਈ ਲੱਭੀ ਜਾਵੇ। ਇਸ ਕਤਲ ਦੀ ਆੜ 'ਚ ਕਿਸਾਨੀ ਘੋਲ ਨੂੰ ਬਦਨਾਮ ਕਰਨਾ ਬੰਦ ਕੀਤਾ ਜਾਵੇ।

Posted By: Ramanjit Kaur