ਵਕੀਲ ਮਹਿਰੋਂ, ਮੋਗਾ

ਜਿਸ ਦਿਨ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿਚ ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵੱਲੋਂ ਸਮੇਂ-ਸਮੇਂ 'ਤੇ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸੁਖਮੰਦਰ ਸਿੰਘ ਡੇਮਰੂ ਦੀ ਅਗਵਾਈ ਹੇਠ ਚੱਲਣ ਵਾਲੇ ਇਸ ਧਰਨੇ ਦੀ ਮਾਲੀ ਸਹਾਇਤਾ ਕਰਦਿਆਂ ਉਨਾਂ੍ਹ ਨੂੰ ਪੰਜਾਹ ਹਜ਼ਾਰ ਰੁਪਏ ਦੀ ਨਕਦੀ ਭੇਟ ਕੀਤੀ ਹੈ। ਇਹ ਸਹਾਇਤਾ ਬਾਬਾ ਜੀ ਨੇ ਉਸ ਵਕਤ ਮੁਹੱਈਆ ਕਰਵਾਈ ਜਦ ਸੁਖਮੰਦਰ ਸਿੰਘ ਡੇਮਰੂ ਦੀ ਅਗਵਾਈ ਹੇਠ ਟੋਲ ਪਲਾਜਾ ਧਰਨੇ ਦੀ ਸਮੁੱਚੀ ਕਮੇਟੀ ਨਤਮਸਤਕ ਹੋਣ ਦੇ ਲਈ ਆਈ ਸੀ।

ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਆਖਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਹਮੇਸ਼ਾ ਹੀ ਕਿਸਾਨਾਂ ਦਾ ਹਮਾਇਤੀ ਰਿਹਾ ਹੈ। ਉਨਾਂ੍ਹ ਹੋਰਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਅੰਦੋਲਨ ਦੀ ਆਰਥਕ ਤੌਰ 'ਤੇ ਮਦਦ ਕਰਨ, ਕਿਉਂਕਿ ਇਹ ਕਿਸਾਨੀ ਅੰਦੋਲਨ ਪੰਜਾਬੀਆਂ ਦੀਆਂ ਨਸਲਾਂ ਅਤੇ ਫਸਲਾਂ ਨੂੰ ਲੈ ਕੇ ਲੜਿਆ ਜਾ ਰਿਹਾ ਹੈ ਇਸ ਯੁੱਧ ਵਿਚ ਹਰ ਇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਹਰ ਤਰਾਂ੍ਹ ਦਾ ਯੋਗਦਾਨ ਪਾਵੇ। ਬਾਬਾ ਜੀ ਨੇ ਇਸ ਮੌਕੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਉਸ ਤੋਂ ਉਸ ਦੇ ਹੱਕ ਵੀ ਖੋਹੇ ਜਾ ਰਹੇ ਹਨ ਸਾਡੀਆਂ ਹਕੂਮਤਾਂ ਕੰਨਾਂ ਵਿਚ ਉਂਗਲਾਂ ਪਾ ਕੇ ਉਨਾਂ੍ਹ ਦੀ ਸੁਣਵਾਈ ਨਹੀਂ ਕਰ ਰਹੀਆਂ, ਸਗੋਂ ਉਨਾਂ੍ਹ ਵੱਲੋਂ ਮੰਗੇ ਜਾ ਰਹੇ ਹੱਕਾਂ ਦੇ ਬਦਲੇ ਉਨਾਂ੍ਹ 'ਤੇ ਡੰਡੇ ਵਰ੍ਹਾਏ ਜਾ ਰਹੇ ਹਨ। ਉਨਾਂ੍ਹ ਨੇ ਹਰਿਆਣਾ ਵਿਚ ਖੱਟਰ ਸਰਕਾਰ ਦੇ ਬੇਰਹਿਮ ਲਾਠੀਚਾਰਜ ਨਾਲ ਸ਼ਹਾਦਤ ਦੇਣ ਵਾਲੇ ਕਿਸਾਨ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਅਤੇ ਆਖਿਆ ਕਿ ਕਿਸਾਨੀ ਅੰਦੋਲਨ ਦਾ ਜਦ ਇਤਿਹਾਸ ਲਿਖਿਆ ਜਾਵੇਗਾ ਅਤੇ ਸ਼ਹਾਦਤ ਪ੍ਰਰਾਪਤ ਕਰਨ ਵਾਲੇ ਕਿਸਾਨਾਂ ਦਾ ਨਾਂ ਵੀ ਉਦੋਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।