ਸਟਾਫ ਰਿਪੋਰਟਰ, ਮੋਗਾ : ਜ਼ਿਲ੍ਹਾ ਮੋਗਾ ਦੇ ਚੋਣ ਅਫ਼ਸਰ ਹਰੀਸ਼ ਨਈਅਰ ਨੇ ਵੱਖ-ਵੱਖ ਵੋਟਰ ਧਿਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ-2022 ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਹ ਚੋਣਾਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਲਈ ਜਾਗਰੂਕ ਵੋਟਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹ ਅੱਜ ਸਥਾਨਕ ਵੀਵੀ ਪੈਟ ਮਸ਼ੀਨਾਂ ਬਾਰੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਹਰ ਵਾਰ ਦੀ ਤਰਾਂ੍ਹ ਇਹਨਾਂ ਚੋਣਾਂ ਨੂੰ ਵੀ ਪੂਰਨ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾਣਨ ਲਈ ਦਿ੍ੜ ਸੰਕਲਪ ਹੈ ਪਰ ਇਹ ਜਾਗਰੂਕ ਵੋਟਰਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਜ਼ਿਲ੍ਹੇ ਦੇ 7.5 ਲੱਖ ਤੋਂ ਵਧੇਰੇ ਵੋਟਰ ਭਾਗ ਲੈਣਗੇ, ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਲੇਬਰ, ਐੱਨਆਰਆਈ., ਤੀਜਾ ਿਲੰਗ, ਅਪਾਹਜ਼ ਵਰਗ ਆਦਿ ਸ਼ਾਮਿਲ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਇਹ ਵੋਟਰ ਜਾਂ ਤਾਂ ਵੋਟ ਪਾ ਨਹੀਂ ਸਕਦੇ ਜਾਂ ਫਿਰ ਇਹ ਵੋਟ ਪਾਉਣਾ ਜ਼ਰੂਰੀ ਨਹੀਂ ਸਮਝਦੇ। ਉਨਾਂ ਕਿਹਾ ਕਿ ਹਰੇਕ ਚੋਣ ਵਿੱਚ ਇੱਕ-ਇੱਕ ਵੋਟ ਮਹੱਤਵਪੂਰਨ ਹੁੰਦੀ ਹੈ, ਜਿਸ ਕਰਕੇ ਸਾਨੂੰ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁਝ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਬਿਜਲਈ ਵੋਟਿੰਗ ਮਸ਼ੀਨ ਨਾਲ ਛੇੜਛਾਣ ਹੋ ਸਕਦੀ ਹੈ ਪਰ ਇਹ ਸੱਚਾਈ ਨਹੀਂ। ਉਨਾਂ ਕਿਹਾ ਕਿ ਇਸ ਮਸ਼ੀਨ ਵਿੱਚ ਅਜਿਹਾ ਕੋਈ ਵੀ ਉਪਕਰਨ ਨਹੀਂ ਲੱਗਾ ਹੋਇਆ, ਜੋ ਕਿ ਹੈਕ ਆਦਿ ਕੀਤਾ ਜਾ ਸਕੇ।

ਉਨਾਂ ਨੇ ਕਿਹਾ ਕਿ ਇਸ ਵਾਰ ਨਵੇਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ, ਇਸੇ ਕਰਕੇ ਹੀ ਇਸ ਵਾਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆਪਣੀ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਈ ਹੈ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟ ਪ੍ਰਤੀਸ਼ਤ ਵਧਾਉਣ ਲਈ ਇਸ ਵਾਰ ਨਵੇਂ, ਦਿਵਿਆਂਗ, ਅੌਰਤ, ਪ੍ਰਵਾਸੀ ਪੰਜਾਬੀ ਅਤੇ ਆਸਾਨੀ ਨਾਲ ਪ੍ਰਭਾਵਿਤ ਕੀਤੇ ਜਾ ਸਕਣ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ 'ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੈਨ ਅਗਲੇ ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਨੂੰ ਵੀਵੀ ਪੈਟ ਮਸ਼ੀਨਾਂ ਬਾਰੇ ਜਾਗਰੂਕ ਕਰੇਗੀ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਹਰਚਰਨ ਸਿੰਘ, ਮੋਗਾ ਦੇ ਚੋਣ ਰਜਿਸਟਰੇਸ਼ਨ ਅਫ਼ਸਰ ਸਤਵੰਤ ਸਿੰਘ, ਤਹਿਸੀਲਦਾਰ ਚੋਣ ਬਰਜਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ।