* ਪੇਂਟ ਕਰਦੇ ਵਿਅਕਤੀ ਦੀ ਘੋੜੀ ਨੂੰ ਟੱਕਰ ਮਾਰਨ ਨਾਲ ਹੋਈ ਸੀ ਮੌਤ

ਲਖਵੀਰ ਸਿੰਘ, ਮੋਗਾ : ਸਥਾਨਕ ਚੌਕ ਜੋਗਿੰਦਰ ਸਿੰਘ ਬੱਸ ਸਟੈਂਡ ਨੇੜੇ ਫਲਾਈ ਓਵਰ ਦੇ ਪਿੱਲਰਾਂ ਨੂੰ ਪੇਂਟ ਕਰ ਰਹੇ ਵਿਅਕਤੀ ਦੀ ਘੋੜੀ ਨੂੰ ਆਟੋ ਚਾਲਕ ਵੱਲੋਂ ਟੱਕਰ ਮਾਰ ਦੇਣ ਨਾਲ ਉਸ ਦੀ ਘੋੜੀ ਤੋਂ ਡਿੱਗ ਕੇ ਮੌਤ ਹੋ ਗਈ ਸੀ। ਇਸ ਸਬੰਧੀ ਪੁਲਿਸ ਵੱਲੋਂ ਟੱਕਰ ਮਾਰਨ ਵਾਲੇ ਆਟੋ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਹੌਲਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ਿਵਮ ਵਰਮਾਂ ਪੁੱਤਰ ਕਮਲ ਸ਼ਰਮਾ ਵਾਸੀ ਗਲੀ ਨੰਬਰ 5 ਨਿਊ ਕੁੰਦਨਪੁਰੀ ਲੁਧਿਆਣਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ਕਿਹਾ ਕਿ ਉਸ ਦਾ ਪਿਤਾ ਕਮਲ ਵਰਮਾ ਚੌਕ ਜੋਗਿੰਦਰ ਸਿੰਘ ਨੇੜੇ ਬੱਸ ਸਟੈਂਡ ਵਿਖੇ ਬਣੇ ਫਲਾਈਓਵਰ ਦੇ ਪਿੱਲਰਾਂ ਨੂੰ ਲੋਹੇ ਦੀ ਘੋੜੀ ਲਗਾ ਕੇ ਪੇਂਟ ਕਰ ਰਿਹਾ ਸੀ ਤਾਂ ਇਸ ਦੌਰਾਨ ਇੱਕ ਆਟੋ ਰਿਕਸ਼ਾ ਚਾਲਕ ਨੇ ਆਟੋ ਰਿਕਸ਼ਾ ਨੂੰ ਲਾਪਰਵਾਹੀ ਨਾਲ ਚਲਾਉਦਿਆਂ ਬੈਕ ਕਰਦੇ ਸਮੇ ਘੋੜੀ 'ਚ ਮਾਰਿਆ। ਜਿਸ ਨਾਲ ਉਸ ਦਾ ਪਿਤਾ ਲੋਹੇ ਦੀ ਘੋੜੀ ਤੋਂ ਹੇਠਾਂ ਡਿੱਗ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਆਟੋ ਚਾਲਕ ਮੌਕਾ ਤੇ ਆਟੋ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟੱਕਰ ਮਾਰਨ ਵਾਲੇ ਦੋਸ਼ੀ ਆਟੋ ਚਾਲਕ ਜਮਨ ਪ੍ਸਾਦ ਵਾਸੀ ਨਾਨਿਆ ਜ਼ਿਲ੍ਹਾ ਮੋਤੀ ਹਾਰੀ (ਬਿਹਾਰ) ਹਾਲ ਅਬਾਦ ਐਫਸੀਆਈ ਰੋਡ ਮੋਗਾ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।