ਸਵਰਨ ਗੁਲਾਟੀ, ਮੋਗਾ : ਪਿਛਲੇ ਲੰਮੇਂ ਸਮੇਂ ਤੋਂ ਸਥਾਨਕ ਸਬਜ਼ੀ ਮੰਡੀ ਵਿੱਚ ਆੜਤੀਆਂ ਦੀਆਂ ਦੁਕਾਨਾ 'ਤੇ ਲੱਗੇ ਅਤੇ ਰੇਹੜੀਆਂ ਤੇ ਸਬਜ਼ੀਆਂ ਵੇਚ ਕੇ ਅਪਣਾ ਗੁਜ਼ਾਰਾ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਲਾਕਡਾਉਨ/ਕਰਫਿਊ ਇਕ ਵੱਡੀ ਸੱਮਸਿਆ ਬਣਿਆ ਹੋਇਆ ਹੈ।ਆਪਣੇ-ਆਪਣੇ ਘਰਾਂ ਤੋਂ ਦੂਰ ਕੰਮ-ਕਾਰਾਂ ਤੋਂ ਬਿਲਕੁੱਲ ਵਹਿਲੇ ਹੋ ਕੇ ਬੈਠੇ ਇਨ੍ਹਾਂ ਪ੍ਰਵਾਸੀਆਂ ਨੂੰ ਜਿਥੇ ਆਪਣੇ ਰੋਜ਼ਾਨਾ ਦੇ ਖਰਚੇ 'ਤੇ ਗੁਜ਼ਾਰਾ ਕਰਨ ਵਿੱਚ ਵੱਡੀਆਂ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਸਨ ਉੱਥੇ ਹੀ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਮੋਹ ਵੀ ਸੰਕਟ ਦੀ ਘਡ਼ੀ ਵਿਚ ਸਤਾਉਣ ਲੱਗਾ ਪਿਆ।ਜਿਸ ਕਰਕੇ ਉਹ ਦੂਸਰੇ ਸੂਬਿਆਂ ਵਿੱਚ ਅਪਣੇ ਘਰਾਂ ਨੂੰ ਪਰਤਨ ਲਈ ਬੜੇ ਉਤਾਵਲੇ ਸਨ ਪਰ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਜਾਣ ਲਈ ਕੋਈ ਸਾਧਨ ਨਾ ਮਿਲਣ ਕਰਕੇ ਉਹ ਆਪਣੇ ਘਰਾਂ ਵਿਚ ਨਹੀਂ ਜਾ ਪਾ ਰਹੇ ਸਨ। ਸੋਮਵਾਰ ਦੀ ਰਾਤ ਨੂੰ ਸਬਜੀ ਮੰਡੀ ਵਿਚ ਰਹਿੰਦੇ ਪ੍ਰਵਾਸੀ ਮਜਦੂਰਾਂ ਵਿਚੋਂ ਕਰੀਬ 65 ਪ੍ਰਵਾਸੀ ਮਜ਼ਦੂਰ ਇਕ ਕੰਨਟੇਨਰ ਚਾਲਕ ਨਾਲ ਗੰਢਤੁਪ ਕਰਕੇ ਉਤਰ ਪ੍ਰਦੇਸ਼ ਵਿਚ ਆਪਣੇ-ਆਪਣੇ ਪਿੰਡ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ। ਸਬਜੀ ਮੰਡੀ ਵਿਚ ਕੰਮ ਕਰਨ ਵਾਲੇ ਇਕ ਪ੍ਰਵਾਸੀ ਮਜਦੂਰ ਨੇ ਦੱਸਿਆ ਕਿ ਲਾਕਡਾਊਣ ਹੋਣ ਕਰਕੇ ਸਬਜੀ ਮੰਡੀ ਵਿਚ ਸਾਰਾ ਕਾਰੋਬਾਰ ਬੰਦ ਹੋ ਗਿਆ ਸੀ ਅਤੇ ਸਬਜੀ ਮੰਡੀ ਆੜਤੀਆਂ ਦੀਆਂ ਦੁਕਾਨਾ ਅਤੇ ਰੇਹੜੀਆਂ ਲਗਾਉਣ ਵਾਲੇ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਵਿਚ ਜਾਣਾ ਚਾਹੁੰਦੇ ਸਨ। ਉਸ ਨੇ ਦੱਸਿਆਂ ਕਿ ਸੋਮਵਾਰ ਨੂੰ ਉਤਰ ਪ੍ਰਦੇਸ਼ ਵਿਚੋਂ ਪੰਜਾਬ ਵਿਚ ਦਵਾਈਆਂ ਲੈਕੇ ਆਏ ਇਕ ਕੰਨਟੈਨਰ ਦੇ ਚਾਲਕ ਨਾਲ ਪ੍ਰਵਾਸੀ ਮਜਦੂਰਾਂ ਨੇ ਗੱਲਬਾਤ ਕੀਤੀ ਤਾਂ ਚਾਲਕ ਵੱਲੋ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਜਿਲਾ ਏਟਾ ਤੱਕ ਲੈਕੇ ਜਾਣ ਲਈ ਪ੍ਰਤੀ ਵਿਅਕਤੀ 2 ਹਜ਼ਾਰ ਰੁਪਏ ਮੰਗੇ ਅਤੇ 65 ਦੇ ਕਰੀਬ ਪ੍ਰਵਾਸੀ ਮਜਦੂਰ ਸੋਮਵਾਰ ਦੀ ਰਾਤ ਨੂੰ ਕੰਨਟੈਨਰ ਵਿਚ ਬਹਿਕੇ ਉਤਰ ਪ੍ਰਦੇਸ਼ ਦੇ (ਏਟਾ) ਤੱਕ ਪਹੁੰਚ ਗਏ। ਸੂਤਰਾ ਤੋਂ ਪਤਾ ਲੱਗਾ ਹੈ ਕਿ ਸਬਜੀ ਮੰਡੀ 'ਚ ਰਹਿੰਦੇ ਕੁਝ ਹੋਰ ਪ੍ਰਵਾਸੀ ਮਜਦੂਰ ਵੀ ਇਸੇ ਤਰ੍ਹਾਂ ਜਾਣ ਦੀ ਤਿਆਰੀ ਵਿਚ ਹਨ।

Posted By: Sunil Thapa