ਪਵਨ ਗਰਗ, ਬਾਘਾਪੁਰਾਣਾ : ਨਿਹਾਲ ਸਿੰਘ ਵਾਲਾ ਮੇਨ ਰੋਡ ਤੋਂ ਮਾਣੂੰਕੇ ਗਿੱਲ-ਸਮਾਧ, ਸੰਗਤਪੁਰਾ ਵਾਇਆ ਹੁੰਦੀ ਹੋਈ ਭਗਤਾ ਰੋਡ 'ਤੇ ਚੜ੍ਹਦੀ ਸੜਕ ਜੋ ਕਿ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣ ਰਹੀ ਹੈ। ਇਸ ਦੇ ਬਣਨ 'ਚ ਦੋਹਰੇ ਮਾਪਦੰਡ ਅਪਣਾਉਣ 'ਤੇ ਕਈ ਸੱਤਾਧਾਰੀਆਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਦਲਜੀਤ ਸਿੰਘ ਵਾਸੀ ਸਮਾਧ ਭਾਈ ਨੇ ਕਿਹਾ ਕਿ ਸਰਕਾਰ ਵੱਲੋਂ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੋਕਾਂ ਦੇ ਪੈਸੇ ਅਤੇ ਦੋਹਰੇ ਮਾਪਦੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਕ ਪਾਸੇ ਇਸ ਸੜਕ ਦੇ ਇਕ ਹਿੱਸੇ ਦੀ ਉਚਾਈ 2.5 ਤੋਂ 3 ਫੁੱਟ ਤਕ ਵਧਾ ਦਿੱਤੀ ਗਈ ਸੀ, ਜਿਸ ਕਾਰਨ ਪਿੰਡ ਦੇ ਆਲੇ-ਦੁਆਲੇ ਸੜਕ ਦਾ ਪੱਧਰ ਉੱਚਾ ਹੋਣ ਕਾਰਨ ਸੈਂਕੜੇ ਘਰ ਪਹਿਲਾਂ ਹੀ ਆਰਥਿਕ ਤੌਰ 'ਤੇ ਨੁਕਸਾਨੇ ਗਏ ਸਨ ਪਰ ਹੁਣ ਉਸੇ ਸੜਕ ਨੂੰ ਉੱਚਾ ਕਰ ਕੇ ਜ਼ਖ਼ਮਾਂ 'ਤੇ ਲੂਣ ਿਛੜਕਿਆ ਜਾ ਰਿਹਾ ਹੈ, ਉਸੇ ਿਲੰਕ ਅਧੀਨ ਸੜਕ ਦੀ ਉਚਾਈ 1.5 ਫੁੱਟ ਵਧਾ ਕੇ (ਪੰਜਾਬ ਮੰਡੀ ਬੋਰਡ ਅਨੁਸਾਰ)।

ਦੂਜੇ ਪਾਸੇ ਪਿੰਡ ਸੰਗਤਪੁਰਾ ਨੇੜੇ ਇਸੇ ਸੜਕ 'ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਇਕ ਪਰਿਵਾਰ ਦੀ ਜਾਇਦਾਦ ਦੇ ਨਾਲ ਲਗਪਗ ਤਿੰਨ ਫੁੱਟ ਪੁੱਟ ਕੇ ਸੜਕ ਨੀਵੀਂ ਕੀਤੀ ਗਈ ਹੈ। ਪ੍ਰਭਾਵਿਤ ਪਿੰਡਾਂ ਦੇ ਹੋਰ ਲੋਕਾਂ ਨੇ ਵੀ ਆਪਣੀ ਚਿੰਤਾ ਪ੍ਰਗਟਾਈ ਪਰ ਪੰਜਾਬ ਮੰਡੀ ਬੋਰਡ ਨੇ ਉਨ੍ਹਾਂ ਦੀ ਵੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਦੀ ਟੀਮ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਸਬੂਤਾਂ ਸਮੇਤ ਪੱਤਰ ਅਤੇ ਈਮੇਲ ਭੇਜੇ ਹਨ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਕਈ ਵਾਰ ਪੰਜਾਬ ਸਰਕਾਰ ਨੂੰ ਇਸ ਸਬੰਧੀ ਤੁਰੰਤ ਜਾਂਚ ਲਈ ਕਿਹਾ ਸੀ। ਇਕ ਪਾਸੇ 'ਆਪ' ਸਰਕਾਰ ਜੋ ਭਿ੍ਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਮੁਹਿੰਮ ਚਲਾ ਰਹੀ ਹੈ ਪਰ ਅਸਲ ਵਿਚ ਅਜਿਹਾ ਲੱਗਦਾ ਹੈ ਕਿ ਸਰਕਾਰ ਭਿ੍ਸ਼ਟਾਚਾਰ ਨੂੰ ਨਹੀਂ ਰੋਕ ਰਹੀ ਅਤੇ ਨਾ ਹੀ ਆਮ ਲੋਕਾਂ ਨੂੰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ, ਠੇਕੇਦਾਰ ਅਤੇ ਵਿਧਾਇਕ ਬਾਘਾ ਪੁਰਾਣਾ ਨੂੰ ਮਿਲ ਚੁੱਕੇ ਹਨ, ਸਾਰਿਆਂ ਨੇ ਕੁਝ ਕਮੀਆਂ ਮੰਨੀਆਂ ਹਨ ਪਰ ਕੋਈ ਸੁਧਾਰ ਨਹੀਂ ਹੋਇਆ। ਦਲਜੀਤ ਸਿੰਘ ਨੇ ਦੱਸਿਆ ਕਿ ਸੜਕ ਉੱਚੀ ਹੋਣ ਕਾਰਨ ਗ਼ਰੀਬੀ ਵਿਚ ਰਹਿ ਰਹੇ ਕਈ ਪਰਿਵਾਰ ਨਵੇਂ ਮਕਾਨ ਬਣਾਉਣ ਦੀ ਸਥਿਤੀ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਪੁੱਟੀ ਅਤੇ ਵੇਚੀ ਗਈ ਮਿੱਟੀ ਦੀ ਕੀਮਤ ਵਸੂਲੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜਾਂਚ ਕਰ ਕੇ ਮਲਬਾ ਸਾਫ਼ ਕੀਤਾ ਜਾਵੇ। ਅਧਿਕਾਰੀਆਂ ਅਤੇ ਹੋਰਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਮਾਪਦੰਡਾਂ ਦੀ ਦੁਬਾਰਾ ਸਮੀਖਿਆ ਕੀਤੀ ਜਾਵੇ।

ਐੱਸਡੀਓ ਜੁਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਥਾਂ ਤੋਂ ਸੜਕ ਉੱਚੀ ਹੈ, ਉਸ ਜਗ੍ਹਾ ਸਾਈਡਾਂ 'ਤੇ ਕੰਧ ਕੱਢਣ ਲਈ ਖਰਚਾ ਜ਼ਿਆਦਾ ਹੋਣ ਕਰ ਕੇ ਉਸ ਨੂੰ ਨੀਵੀਂ ਅਤੇ ਜਿਸ ਜਗ੍ਹਾ ਪਾਣੀ ਖੜ੍ਹਦਾ ਹੋਣ.ਕਰ ਕੇ ਉੱਥੋਂ ਉੱਚੀ ਕੀਤੀ ਜਾ ਰਹੀ ਹੈ।

ਕੀ ਕਹਿਣਾ ਠੇਕੇਦਾਰ ਯਾਦਵਿੰਦਰ ਬਾਂਸਲ ਦਾ

ਜਦੋਂ ਇਸ ਸਬੰਧੀ ਠੇਕੇਦਾਰ ਯਾਦਵਿੰਦਰ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਕੰਮ ਕੀਤਾ ਜਾ ਰਿਹਾ ਹੈ।