ਸਵਰਨ ਗੁਲਾਟੀ, ਮੋਗਾ : ਬੀਤੀ ਰਾਤ ਭਾਰੀ ਬਰਸਾਤ ਤੇ ਝੱਗੜ ਚੱਲਣ ਨਾਲ ਇਕ ਉੱਚੀ ਕੰਧ ਨਾਲ ਲੱਗਦੇ ਘਰ ਦੀ ਛੱਤ

ਤੇ ਜਾ ਡਿੱਗੀ ਜਿਸ ਨਾਲ ਛੱਤ ਡਿੱਗਣ ਨਾਲ ਹੇਠਾਂ ਸੁੱਤੇ ਪਏ ਇਕ ਵਿਅਕਤੀ ਤੇ ਉਸ ਦੇ ਦੋ ਲੜਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਤਿੰਨਾਂ ਦੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਰੈਫਰ ਕਰ ਦਿੱਤਾ ਗਿਆ। ਸਥਾਨਕ ਚੁੰਗੀ ਨੰਬਰ 3 ਵਾਸੀ ਹਾਕਮ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਸਵੰਤ ਸਿੰਘ ਜੋ ਕਿ ਆਪਣੇ ਦੋ ਲੜਕਿਆਂ ਨਾਲ ਬਾਬਾ ਟੇਕ ਸਿੰਘ ਪਾਰਕ ਦੇ ਸਾਹਮਣੇ ਗਲੀ ਵਿਚ ਰਹਿੰਦਾ ਹੈ। ਬੀਤੀ ਰਾਤ ਭਾਰੀ ਹੋਈ ਭਾਰੀ ਬਰਸਾਤ ਤੇ ਝੱਖੜ ਚੱਲਣ ਨਾਲ ਉਸ ਦੇ ਭਰਾ ਦੇ ਘਰ ਦੇ ਪਿਛਲੇ ਪਾਸੇ ਛਿੰਦਾ ਸਿੰਘ ਦਾ ਘਰ ਹੈ ਜਿਸ ਦੇ ਕੋਠੇ ਉਪਰ ਬਿਨਾਂ ਸਹਾਰੇ ਇਕ ਉੱਚੀ ਕੰਧ ਕੀਤੀ ਹੋਈ ਹੈ ਜੋ ਕਿ ਕਮਜੋਰ ਹੋਣ ਕਰਕੇ ਹਨੇਰੀ ਆਉਣ ਨਾਲ ਹਿਲਦੀ ਸੀ। ਉਸ ਨੇ ਕਿਹਾ ਕਿ ਉਸ ਦੇ ਭਰਾ ਜਸਵੰਤ ਸਿੰਘ ਨੇ ਸ਼ਿੰਦਾ ਤੇ ਤੇ ਉਸ ਦੇ ਪਿਤਾ ਤਰਸੇਮ ਸਿੰਘ ਨੂੰ ਕਮਜ਼ੋਰ ਕੰਧ ਡੇਗਣ ਲਈ ਕਈ ਵਾਰ ਕਿਹਾ, ਪਰ ਉਨ੍ਹਾਂ ਨੇ ਕੋਈ ਰੁਚੀ ਨਹੀਂ ਦਿਖਾਈ। ਬੀਤੀ ਰਾਤ ਭਾਰੀ ਮੀਂਹ ਤੇ ਚੱਲੇ ਝੱਖੜ ਨਾਲ ਕੰਧ ਨੂੰ ਜਸਵੰਤ ਸਿੰਘ ਦੀ ਛੱਤ 'ਤੇ ਜਾ ਡਿੱਗੀ ਜਿਸ ਨਾਲ ਛੱਤ ਤੇ ਭਾਰ ਪੈਣ ਨਾਲ ਛੱਤ ਹੇਠਾਂ ਉਨ੍ਹਾਂ 'ਤੇ ਜਾ ਡਿੱਗੀ। ਭਾਰੀ ਮੀਂਹ ਵਿਚ ਜਦ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਪੂਰਾ ਹਨੇਰਾ ਹੋਣ ਕਰਕੇ ਲੋਕਾਂ ਵੱਲੋਂ ਕੰਧ ਦੇ ਮਲਬੇ ਨੂੰ ਪਾਸੇ ਕਰਕੇ ਜਸਵੰਤ ਸਿੰਘ ਤੇ ਉਸ ਦੇ ਲੜਕਿਆਂ ਬਬਲੂ ਤੇ ਬਿੱਟੂ ਤਿੰਨਾਂ ਪਿਓ-ਪੁੱਤਾਂ ਨੂੰ ਜ਼ਖ਼ਮੀ ਹਾਲਤ ਵਿਚ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ।


ਮੰਗਲਵਾਰ ਦੀ ਸਵੇਰੇ ਮੁਹੱਲਾ ਵਾਸੀ ਜਿਸ ਵਿਚ ਸਾਬਕਾ ਕੌਂਸਲਰ ਬੇਅੰਤ ਸਿੰਘ ਤੇ ਸਮਾਜਸੇਵੀ ਵਿਨੋਦ ਕਾਲਾ ਨੇ ਕਿਹਾ ਕਿ ਜਸਵੰਤ ਸਿੰਘ ਜੋਕਿ ਗਰੀਬ ਪਰਿਵਾਰ ਸੀ ਤੇ ਉਸ ਦੀ ਮਾਲੀ ਹਾਲਤ ਮਾੜੀ ਹੋਣ ਕਰਕੇ ਉਸ ਨੂੰ ਆਪਣਾ ਤੇ ਦੋਵੇਂ ਮੁੰਡਿਆਂ ਦਾ ਇਲਾਜ ਕਰਵਾਉਣਾ ਵੀ ਬੜਾ ਮੁਸ਼ਕਿਲ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਸਵੰਤ ਸਿੰਘ ਤੇ ਉਸ ਦੇ ਦੋਵੇਂ ਮੁੰਡਿਆਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਦੇ ਡਿੱਗੇ ਘਰ ਨੂੰ ਬਨਾਉਣ ਲਈ ਉਹ ਮੁਹੱਲਾ ਵਾਸੀ ਰਲਕੇ ਮਦਦ ਕਰਨਗੇ, ਤਾਂ ਕਿ ਉਨ੍ਹਾਂ ਨੂੰ ਕੋਈ ਆਸਰਾ ਮਿਲ ਸਕੇ।

Posted By: Sarabjeet Kaur