ਸਵਰਨ ਗੁਲਾਟੀ, ਮੋਗਾ : ਆਪਣੇ ਸੁਹਰੇ ਪਰਿਵਾਰ ਨਾਲ ਝਗੜਾ ਕਰਕੇ ਆਪਣੀ ਤਿੰਨ ਸਾਲ ਦੀ ਲੜਕੀ ਨੂੰ ਨਾਲ ਲੈ ਕੇ ਪੇਕੇ ਘਰ ਆਈ ਔਰਤ ਦੀ ਲੜਕੀ ਨੂੰ ਉਸ ਦੇ ਪਿਤਾ ਅਤੇ ਦਾਦੀ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਅਗਵਾ ਕਰਕੇ ਆਪਣੇ ਨਾਲ

ਲੈ ਗਏ। ਪੁਲਿਸ ਨੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ’ਚ ਉਸ ਦੇ ਪਿਤਾ, ਦਾਦੀ ਸਮੇਤ ਦੋ ਹੋਰ ਵਿਅਕਤੀਆਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਕੋਟ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਰਾਣੋ ਬਾਈ ਪਤਨੀ ਗੁਰਦੇਵ ਸਿੰਘ ਵਾਸੀ ਪਿੰਡ ਕਾਂਵਾ ਜਿਲਾ ਮੋਗਾ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਪਿੰਡ ਕਾਂਵਾ ਵਿਖੇ ਆਂਗਣਵਾੜੀ ਸੈਂਟਰ ਵਿਖੇ ਬਤੌਰ ਹੈਲਪਰ ਨੌਕਰੀ ਕਰਦੀ ਹੈ। ਉਸ ਨੇ ਕਿਹਾ ਕਿ ਪਿੰਡ ਕਾਂਵਾ ਦੀ ਔਰਤ ਹਰਦੀਪ ਕੌਰ ਜੋਕਿ ਸੁਖਪਾਲ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਰੌਲੀ ਨਾਲ ਵਿਆਹੀ ਹੋਈ ਹੈ। ਜਿਸਦੀ ਇਕ ਲੜਕੀ ਨਾਨਕਜੋਤ ਕੌਰ ਉਮਰ ਕਰੀਬ 3 ਸਾਲ ਹੈ। ਉਸ ਨੇ ਕਿਹਾ ਕਿ ਹਰਦੀਪ ਕੌਰ ਦਾ ਆਪਣੇ ਸੁਹਰੇ ਪਰਿਵਾਰ ਨਾਲ ਝਗੜਾ ਚਲਦਾ ਹੋਣ ਕਰਕੇ ਉਹ ਆਪਣੇ ਪੇਕੇ ਪਿੰਡ ਰਹਿੰਦੀ ਹੈ। ਉਸ ਨੇ ਕਿਹਾ ਕਿ 1 ਮਾਰਚ 2021 ਨੂੰ ਨਾਨਕਜੋਤ ਕੌਰ ਦੀ ਨਾਨੀ ਉਸ ਨੂੰ ਆਗਣਵਾੜੀ ਸੈਂਟਰ ਲੈ ਕੇ ਆਈ ਸੀ। ਇਸ ਦੌਰਾਨ ਲੜਕੀ ਨਾਨਕਜੋਤ ਕੌਰ ਦਾ ਪਿਤਾ ਸੁਖਪਾਲ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਅਤੇ ਆਪਣੇ ਦੋ ਸਾਥੀਆ ਵੱਡਾ ਸਿੰਘ, ਕਾਲੂ ਸਿੰਘ ਨੂੰ ਨਾਲ ਲੈਕੇ ਇਕ ਗੱਡੀ ਵਿਚ ਆਇਆ ਅਤੇ ਆਂਗਣਵਾੜੀ ਸੈਂਟਰ ਦੀ ਕੰਧ ਟੱਪ ਕੇ ਅੰਦਰ ਆ ਗਏ ਅਤੇ ਲੜਕੀ ਨਾਨਕਜੋਤ ਕੌਰ ਨੂੰ ਜਬਰਦਸਤੀ ਚੁੱਕਣ ਲੱਗੇ ਤਾਂ ਉਸ ਵਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੇ ਉਕਤ ਲੋਕਾਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਲੜਕੀ ਨਾਨਕਜੋਤ ਕੌਰ ਨੂੰ ਗੱਡੀ ਵਿਚ ਬਿਠਾ ਕੇ, ਅਗਵਾ ਕਰਕੇ ਆਪਣੇ ਨਾਲ ਲੈ ਗਏ। ਉਸ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਲੜਕੀ ਦੀ ਮਾਤਾ ਹਰਦੀਪ ਕੌਰ ਦੀ ਉਸ ਦੇ ਸੁਹਰੇ ਪਰਿਵਾਰ ਨਾਲ ਲੜਕੀ ਵਾਪਿਸ ਕਰਵਾਉਣ ਸਬੰਧੀ ਗੱਲਬਾਤ ਚਲਦੀ ਰਹੀ ਜੋ ਸਿਰੇ ਨਹੀ ਚੜ੍ਹ ਸਕੀ। ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਨਾਨਕਜੋਤ ਦੇ ਪਿਤਾ ਸੁਖਪਾਲ ਸਿੰਘ, ਦਾਦੀ ਪਰਮਜੀਤ ਕੌਰ ਅਤੇ ਦੋ ਹੋਰ ਵਿਅਕਤੀ ਵੱਡਾ ਸਿੰਘ, ਕਾਲੂ ਸਿੰਘ ਵਾਸੀ ਪਿੰਡ ਰੌਲੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Tejinder Thind