ਸਵਰਨ ਗੁਲਾਟੀ, ਮੋਗਾ : ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਰਾਮੂੰਵਾਲਾ ਹਰਚੋਕਾ ਵਿਚ ਪਿੰਡ ਦੀ ਹੀ ਸਾਂਝੀ ਧਰਮਸ਼ਾਲਾ ਦਾ ਕਬਜ਼ਾ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਜਗਨ ਸਿੰਘ ਵਾਸੀ ਪਿੰਡ ਹਰਚੋਕਾ ਵੱਲੋਂ ਐੱਸਐੱਸਪੀ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਪਿੰਡ ਦੇ ਹੀ ਵਿਅਕਤੀ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਵਾਸੀ ਪਿੰਡ ਰਾਮੂੰਵਾਲਾ ਹਰਚੋਕਾ ਨੇ 18 ਜੁਲਾਈ 2022 ਨੂੰ ਪਿੰਡ ਦੀ ਹੀ ਸਾਂਝੀ ਧਰਮਸ਼ਾਲਾ ਵਿਚ ਪਾਠ ਕਰਵਾ ਕੇ ਆਪਣੇ ਘਰ ਦਾ ਸਾਮਾਨ ਰੱਖ ਕੇ ਤਾਲਾ ਲਾ ਦਿੱਤਾ, ਜਦੋਂ ਉਸ ਤੋਂ ਪਿੰਡ ਦੇ ਕਲੱਬ ਵੱਲੋਂ ਪੁੱਿਛਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਧਰਮਸ਼ਾਲਾ ਕਿਸੇ ਤੋਂ ਖਰੀਦੀ ਹੈ। ਅਜਿਹਾ ਕਹਿ ਕੇ ਉਕਤ ਵਿਅਕਤੀ ਨੇ ਸਾਂਝੀ ਥਾਂ ਤੋਂ ਕਬਜ਼ਾ ਨਹੀਂ ਛੱਡਿਆ। ਐੱਸਐੱਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਮੁੱਖ ਅਫਸਰ ਥਾਣਾ ਮਹਿਣਾ ਨੂੰ ਜਾਂਚ ਕਰਨ ਲਈ ਕਿਹਾ। ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਵੱਲੋਂ ਲਾਏ ਦੋਸ਼ ਸਹੀ ਪਾਏ ਜਾਣ 'ਤੇ ਪੁਲਿਸ ਨੇ ਗੁਰਸੇਵਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।