ਮੋਗਾ ਦੇ ਇਕ ਇਲਾਕੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਆਰਆਰਟੀ ਦੇ ਮੈਂਬਰ।

ਨੰਬਰ : 16 ਮੋਗਾ 28 ਪੀ

ਕੋਰੋਨਾ ਪੀੜਤ ਮਰੀਜ਼ਾਂ ਨੂੰ ਇਕਾਂਤਵਾਸ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ।

ਨੰਬਰ : 16 ਮੋਗਾ 29 ਪੀ

ਮਰੀਜ਼ਾਂ 'ਚ ਪੁਲਿਸ ਮੁਲਾਜ਼ਮ ਤੇ ਇਕ ਕੈਦੀ ਵੀ ਸ਼ਾਮਲ

ਪੰਜਾਬੀ ਜਾਗਰਣ ਟੀਮ, ਮੋਗਾ : ਜ਼ਿਲ੍ਹਾ ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਆਏ ਦਿਨ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਜ਼ਿਲ੍ਹੇ ਦੇ ਲੋਕਾਂ 'ਚ ਡਰ ਜਿਹਾ ਬਣਿਆ ਹੋਇਆ ਹੈ ਕਿ ਕਿਤੇ ਸਾਨੂੰ ਵੀ ਕੋਰੋਨਾ ਨਾ ਹੋ ਜਾਵੇ। ਵੀਰਵਾਰ ਨੂੰ ਵੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਲਈ ਗਏ ਸੈਂਪਲਾਂ ਦੀ ਜਾਂਚ ਕਰਨ ਉਪਰੰਤ ਮੋਗਾ ਜ਼ਿਲ੍ਹੇ ਨਾਲ ਸਬੰਧਿਤ 16 ਲੋਕ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ 'ਚ ਮੋਗਾ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਸਮੇਤ ਕਈ ਪੁਲਿਸ ਮੁਲਾਜ਼ਮ ਤੇ ਇਕ ਕੈਦੀ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਡੀਐੱਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਕੋਵਿਡ-19 ਦੇ ਸੰਕਰਮਣ ਨਾਲ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਪਰ ਵਿਭਾਗ ਪੂਰਾ ਡਾਟਾ ਦੇਣ ਨੂੰ ਤਿਆਰ ਨਹੀਂ ਹੈ।

----------------------

ਸਿਹਤ ਵਿਭਾਗ ਨੇ ਪਾਜ਼ੇਟਿਵ ਮਰੀਜ਼ਾਂ ਨੂੰ ਕੀਤਾ ਆਈਸੋਲੇਟ : ਸਿਵਲ ਸਰਜਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਮਨਦੀਪ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਪਿਛਲੇ ਦਿਨੀਂ ਲਈ ਗਏ ਸੈਂਪਲਾਂ ਨੂੰ ਜਾਂਚ ਲਈ ਫਰੀਦਕੋਟ ਭੇਜਿਆ ਗਿਆ ਸੀ। ਫਰੀਦਕੋਟ ਦੀ ਲੈਬ 'ਚ ਜਾਂਚ ਹੋਣ ਉਪਰੰਤ ਮੋਗਾ ਜ਼ਿਲ੍ਹੇ ਨਾਲ ਸਬੰਧਤ 16 ਲੋਕਾਂ ਦੀ ਰਿਪੋਰਟ ਕੋਵਿਡ-19 ਸੰਕਰਮਣ ਨਾਲ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਨਜ਼ਦੀਕ ਗੁਰਦੁਆਰਾ ਕਲਗੀਧਰ, ਪਿੰਡ ਜਲਾਲਾਬਾਦ, ਪਿੰਡ ਕੰੜਿਆਲ, ਗੋਧੇਵਾਲਾ, ਜੁਡੀਸ਼ੀਅਲ ਕੰਪਲੈਕਸ, ਮਹਾਰਾਜਾ ਰਣਜੀਤ ਸਿੰਘ ਨਗਰ, ਪਿੰਡ ਜੈਮਲ ਵਾਲਾ, ਬਾਘਾਪੁਰਾਣਾ, ਸਾਧਾਂ ਵਾਲੀ ਬਸਤੀ ਅਤੇ ਬਸਤੀ ਗੋਬਿੰਦਗੜ੍ਹ ਦੇ ਤਿੰਨ ਲੋਕਾਂ ਸਮੇਤ ਐੱਸਐੱਸਪੀ ਆਫਿਸ ਵਿਚ ਕੰਮ ਕਰਨ ਵਾਲੇ 3 ਪੁਲਿਸ ਕਰਮਚਾਰੀ, ਇਕ ਪੀਸੀਆਰ 'ਤੇ ਤਾਇਨਾਤ ਕਰਮਚਾਰੀ ਤੇ ਇਕ ਕੈਦੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੂੰ ਸਬੰਧਤ ਵਿਭਾਗ ਦੁਆਰਾ ਆਈਸੋਲੇਟ ਕੀਤਾ ਗਿਆ ਹੈ।

----------------

ਹੁਣ ਤਕ ਸਾਹਮਣੇ ਆਏ ਕਈ ਪੁਲਿਸ ਮੁਲਾਜ਼ਮ ਪਾਜ਼ੇਟਿਵ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਜਾਂਚ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਸਟੇਸ਼ਨ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਸਮੇਤ ਇਕ ਸਫਾਈ ਸੇਵਕ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਚ ਸਪ੍ਰਰੇਅ ਕਰਵਾਇਆ ਸੀ। ਜਿਨ੍ਹਾਂ ਵਿਚ ਕਸਬਾ ਨਿਹਾਲ ਸਿੰਘ ਵਾਲਾ ਦੇ ਸਾਂਝ ਕੇਂਦਰ ਵਿਚ ਤਾਇਨਾਤ ਤੇ ਫਰੀਦਕੋਟ ਦੇ ਪਿੰਡ ਮਾਨ ਸਿੰਘ ਵਾਲਾ ਦੇ ਨਿਵਾਸੀ ਏਐਸਆਈ, ਪਿੰਡ ਘੋਲੀਆ ਕਲਾਂ ਦੇ ਨਿਵਾਸੀ ਏਐੱਸਆਈ, ਬਾਘਾਪੁਰਾਣਾ ਨਿਵਾਸੀ ਸੀਨੀਅਰ ਕਾਂਸਟੇਬਲ, ਸਾਂਝ ਕੇਂਦਰ ਵਿਚ ਤਾਇਨਾਤ ਸਫਾਈ ਸੇਵਕ, ਨਿਹਾਲ ਸਿੰਘ ਵਾਲਾ ਦੇ ਥਾਣੇ ਵਿਚ ਤਾਇਨਾਤ ਬਾਘਾਪੁਰਾਣਾ ਨਿਵਾਸੀ ਹੈੱਡਕਾਂਸਟੇਬਲ ਸਮੇਤ ਪਿੰਡ ਜਲਾਲ ਨਿਵਾਸੀ ਏਐੱਸਆਈ ਸ਼ਾਮਲ ਸਨ। ਇਸ ਤੋਂ ਪਹਿਲਾਂ ਕਸਬਾ ਧਰਮਕੋਟ ਦੇ ਪਿੰਡ ਢੋਲੇਵਾਲਾ, ਪਿੰਡ ਘੱਲਕਲਾਂ ਅਤੇ ਬਾਘਾਪੁਰਾਣਾ ਦੇ ਨਿਵਾਸੀ ਤਿੰਨ ਪੁਲਿਸ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਉਥੇ 1 ਜੁਲਾਈ ਨੂੰ ਮਿਲੀ ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਸਬਾ ਬਾਘਾਪੁਰਾਣਾ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਹੈੱਡਕਾਂਸਟੇਬਲ ਦੀ ਰਿਪੋਰਟ ਜਿੱਥੇ ਪਾਜ਼ੇਟਿਵ ਆਈ ਸੀ। ਉਸ ਤੋਂ ਬਾਅਦ ਹੈਡ ਕਾਂਸਟੇਬਲ ਦੇ ਪਰਿਵਾਰ ਦੇ ਚਾਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਕ ਸਾਬਕਾ ਮੰਤਰੀ ਦੇ ਗੰਨਮੈਨ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਇਲਾਵਾ ਹੋਰ ਕਈ ਪੁਲਿਸ ਮੁਲਾਜ਼ਮ ਕੋਵਿਡ-19 ਦੇ ਪਾਜ਼ੇਟਿਵ ਪਾਏ ਜਾ ਚੁੱਕੇ ਹਨ।

-----------------

ਹੁਣ ਤਕ ਦਾ ਅੰਕੜਾ

ਸਿਵਲ ਸਰਜਨ ਡਾ. ਅਮਨਦੀਪ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਤਕ 20,092 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 19,436 ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 371 ਲੋਕਾਂ ਦੀ ਰਿਪੋਰਟ ਪੈਡਿੰਗ ਹੈ। ਵੀਰਵਾਰ ਨੂੰ 245 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਹੁਣ ਤਕ 173 ਲੋਕ ਸਥਾਪਤ ਹੋਣ ਸਮੇਤ 41 ਐਕਟਿਵ ਕੇਸ ਹਨ। ਉਥੇ 128 ਲੋਕਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਚਾਰ ਦੀ ਮੌਤ ਹੋ ਗਈ ਹੈ, ਜਦਕਿ 31 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ, ਜਦੋਂ ਕਿ 7 ਨੂੰ ਗੌਰਮਿੰਟ ਆਈਸੋਲੇਟਿਡ ਵਾਰਡ ਵਿਚ ਰੱਖਿਆ ਗਿਆ ਹੈ। ਤਿੰਨ ਲੋਕ ਲੁਧਿਆਣਾ ਵਿਚ ਇਲਾਜ ਅਧੀਨ ਹਨ। ਵੀਰਵਾਰ ਨੂੰ ਨਵੇਂ 16 ਕੇਸ ਆਏ ਹਨ, ਜਦੋਂ ਕਿ ਟਰਿਊ ਨੈੱਟ ਮਸ਼ੀਨ ਦੁਆਰਾ ਹੁਣ ਤਕ 118 ਲੋਕਾਂ ਦੇ ਸੈਂਪਲ ਲਈ ਗਏ ਸਨ, ਜਿਨ੍ਹਾਂ 'ਚੋਂ 114 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਕਤ ਮਸ਼ੀਨ ਦੁਆਰਾ ਲਈ ਗਏ ਸੈਂਪਲਾਂ 'ਚੋਂ ਚਾਰ ਲੋਕ ਪਾਜ਼ੇਟਿਵ ਪਾਏ ਗਏ ਹਨ।

-----------------

ਸਾਨੂੰ ਖ਼ੁਦ ਨੂੰ ਹੋਣਾ ਹੋਵੇਗਾ ਜਾਗਰੂਕ : ਸਿਵਲ ਸਰਜਨ

ਇਸ ਸਬੰਧੀ ਸਿਵਲ ਸਰਜਨ ਡਾ. ਅਮਨਦੀਪ ਕੌਰ ਬਾਜਵਾ ਨੇ ਕਿਹਾ ਕਿ ਭਾਵੇਂ ਅਨਲਾਕ-2 ਦੀ ਸ਼ੁਰੂਆਤ ਹੋ ਗਈ ਹੈ ਪਰ ਫਿਰ ਵੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅਜਿਹੇ 'ਚ ਅਸੀਂ ਸੰਕਰਮਣ ਦੀ ਲਪੇਟ 'ਚ ਨਾ ਆਈਏ, ਇਸ ਤੋਂ ਬਚਣ ਲਈ ਸਾਨੂੰ ਖ਼ੁਦ ਨੂੰ ਹੀ ਜਾਗਰੂਕ ਹੋਣਾ ਹੋਵੇਗਾ ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।