ਧਰਮਕੋ‘ਟ ਨੇੜੇ ਕੋਰੋਨਾ ਦਾ ਮਰੀਜ਼ ਆਉਣ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ

ਸਤਨਾਮ ਸਿੰਘ ਘਾਰੂ, ਧਰਮਕੋਟ : ਪੂਰੇ ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ ਦਿਨ ਸਿਹਤ ਵਿਭਾਗ ਮੋਗਾ ਵੱਲੋਂ ਜਾਰੀ ਕੀਤੀ ਪਾਜ਼ੇਟਿਵ 16 ਮਰੀਜ਼ਾਂ ਦੀ 'ਚੋਂ ਸੂਚੀ ਵਿਚੋਂ 3 ਮਰੀਜ਼ ਸਥਾਨਕ ਸ਼ਹਿਰ ਧਰਮਕੋਟ ਦੇ ਨਾਲ ਲੱਗਦੇ ਪਿੰਡਾਂ ਜਲਾਲਾਬਾਦ ਪੂਰਬੀ, ਫਲਾਹਗੜ ਤੇ ਕੜਿਆਲ ਦੇ ਹਨ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ। ਪਾਜ਼ੇਟਿਵ ਰਿਪੋਰਟ ਆਉਣ ਉਪਰੰਤ ਸਿਹਤ ਵਿਭਾਗ ਕੋਟ ਈਸੇ ਖਾਂ ਦੇ ਐੱਸਐੱਮਓ ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਜਤਿੰਦਰ ਸੂਦ ਹੈਲਥ ਸੁਪਰਵਾਈਜ਼ਰ, ਪਰਮਿੰਦਰ ਕੁਮਾਰ ਹੈਲਥ ਵਰਕਰ, ਬਲਰਾਜ ਸਿੰਘ ਨੇ ਉਕਤ ਮਰੀਜ਼ਾਂ ਦੇ ਘਰ ਪਹੁੰਚੇ ਅਤੇ ਮੁੱਢਲੀ ਸਹਾਇਤਾ ਦਿੱਤੀ।

ਉਪਰੰਤ ਉਕਤ ਮਰੀਜ਼ਾਂ ਨੂੰ ਐਬੂਲੈਂਸ ਰਾਹੀਂ ਬਾਘਾਪੁਰਾਣਾ ਵਿਖੇ ਬਣਾਏ ਆਈਸੋਲੇਸ਼ਨ ਵਾਰਡ ਵਿਚ ਕੁਆਰੰਟਾਈਨ ਕਰਨ ਲਈ ਭੇਜਿਆ ਗਿਆ। ਇਸ ਸਬੰਧੀ ਐੱਸਐੱਮਓ ਰਾਕੇਸ਼ ਕੁਮਾਰ ਬਾਲੀ ਕੋਟ ਈਸੇ ਖਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਲਾਪਰਵਾਹੀ ਨਾ ਵਰਤਣ ਅਤੇ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਐਡਵਾਜ਼ਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲਗਾਤਾਰ ਸਿਹਤ ਵਿਭਾਗ ਵੱਲੋਂ ਕੋਰੋਨਾ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾ ਰਹੀਆਂ, ਮਿਸ਼ਨ ਫਤਿਹ ਤਹਿਤ ਜਾਰੀ ਕੋਰੋਨਾ ਜਾਗਰੂਕਤਾ ਸਮੱਗਰੀ ਜਨਤਕ ਸਥਾਨਾਂ ਤੇ ਪ੍ਰਦਰਸ਼ਿਤ ਅਤੇ ਹਸਪਤਾਲਾਂ ਵਿਚ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਵਿਭਾਗ ਵੱਲੋਂ ਘਰ ਘਰ ਨਿਗਰਾਨੀ ਚੱਲ ਰਹੀ ਹੈ।