ਪੁਰਾਣੀ ਜੁਡੀਸ਼ੀਅਲ ਕੋਰਟ ਕੋਲ ਪੁੱਡਾ ਦੀ ਸੰਪਤੀ 'ਚ ਨਗਰ ਨਿਗਮ ਵੱਲੋਂ ਕੂੜਾ ਡੰਪ ਕਰਨ ਦੀ ਝਲਕ।

ਨੰਬਰ : 13 ਮੋਗਾ 2 ਪੀ, 3 ਪੀ

ਵਕੀਲ ਮਹਿਰੋਂ, ਮੋਗਾ : ਸਿਹਤ ਵਿਭਾਗ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣ ਦੀ ਨਸੀਹਤ ਦੇ ਰਿਹਾ ਹੈ ਪਰ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਅਬਾਦੀ ਖੇਤਰ ਪੁਰਾਣੀ ਜੁਡੀਸ਼ੀਅਲ ਕੋਰਟ ਕੋਲ ਪੁੱਡਾ ਦੀ ਸੰਪਤੀ 'ਚ ਕੂੜਾ ਡੰਪ ਕਰਨ ਨਾਲ ਫੈਲੀ ਰਹੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।

ਨਿਗਮ ਐਕਸੀਅਨ ਨਛੱਤਰ ਸਿੰਘ ਨੇ ਕਿਹਾ ਕਿ ਤਲਾਬ ਨੂੰ ਕੂੜਾ ਕਰਕਟ ਆਦਿ ਗੰਦਗੀ ਨਾਲ ਭਰਕੇ 'ਤੇ ਮਿੱਟੀ ਪਾ ਕੇ ਸ਼ਹਿਰ 'ਚ ਰੇਹੜੀਆਂ ਵਾਲਿਆਂ ਨੂੰ ਇਹ ਜਗ੍ਹਾ ਦੇਣ ਦੀ ਯੋਜਨਾ ਹੈ। ਚੀਫ਼ ਸੈਨਟਰੀ ਇੰਸਪੈਕਟਰ ਬਿਕਰਮ ਸਿੰਘ ਨੇ ਕਿਹਾ ਕਿ ਉਨ੍ਹਾਂ ਨਿਗਮ ਅਧਿਕਾਰੀਆਂ ਦੇ ਕਹਿਣ 'ਤੇ ਕੂੜਾ ਸੁੱਟਣਾ ਸ਼ੁਰੂ ਕਰਵਾਇਆ ਹੈ।

ਇਸ ਖੇਤਰ 'ਚ ਮੱਲੀ ਹਸਪਤਾਲ ਸੰਚਾਲਕ ਕੁਲਦੀਪ ਸਿੰਘ, ਪਲੇਅ ਵੇਅ ਸਕੂਲ ਸੰਚਾਲਕ ਕੈਪਟਨ ਅਮਰਜੀਤ ਸਿੰਘ ਤੋਂ ਇਲਾਵਾ ਦਰਸ਼ਨ ਲਾਲ, ਗੁਰਦੀਪ ਸਿਘ, ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਮੰਗਤ ਰਾਏ ਅਤੇ ਕਰਨੈਲ ਸਿੰਘ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਨਿਗਮ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਬਰਸਾਤ ਦੇ ਦਿਨਾਂ ਹੋਣ ਕਾਰਨ ਡੰਪ ਕੂੜੇ ਦੇ ਢੇਰਂ 'ਚੋਂ ਮਾਰਦੀ ਗੰਦੀ ਬਦਬੂ ਨੇ ਲੋਕਾਂ ਦਾ ਵੀ ਜਿਉਣਾ ਮੁਹਾਲ ਹੋਇਆ ਪਿਆ ਹੈ। ਅਵਾਰਾ ਪਸ਼ੂਆਂ ਵਲੋਂ ਆਪਣਾ ਭੋਜਨ ਤਲਾਸ਼ ਲਈ ਗੰਦਗੀ ਦੇ ਢੇਰਾਂ ਨੂੰ ਫਰੋਲੇ ਜਾਣ ਕਾਰਨ ਪੈਦਾ ਹੁੰਦੀ ਬਦਬੂ ਤੇ ਮੱਛਰਾਂ ਕਾਰਨ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਜਨਤਕ ਥਾਵਾਂ ਤੋਂ ਤੁਰਤ ਹਟਵਾ ਕੇ ਲੋਕਾਂ ਨੂੰ ਗੰਦਗੀ ਤੋਂ ਨਿਜ਼ਾਤ ਦਿਵਾਈ ਜਾਵੇ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਘਾਤਕ ਵਾਇਰਸ ਕਰੋਨਾ ਤੋਂ ਬਚਣ ਲਈ ਆਲੇ-ਦੁਆਲੇ ਦੀ ਸਾਫ਼-ਸਫਾਈ ਰੱਖਣ ਦੀ ਨਸੀਹਤ ਦੇ ਰਿਹਾ ਹੈ ਪਰ ਇਥੇ ਨਿਗਮ ਕੂੜਾ ਡੰਪ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਇਸ ਕੂੜੇ ਡੰਪ ਨਾਲ ਕਰੋਨਾ ਨਾ ਸਹੀ ਪਰ ਹੋਰ ਖਤਰਨਾਕ ਬਿਮਾਰੀਆਂ ਨੂੰ ਸੱਦਾ ਜ਼ਰੂਰ ਦੇ ਰਹੇ ਹਨ। ਇਸ ਦੁਰਗਤੀ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀ ਬੇਪਰਵਾਹ ਹੀ ਨਜ਼ਰ ਆ ਰਹੇ ਹਨ ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਨਰਾਜ਼ਗੀ ਹੈ। ਬਰਸਾਤ ਨਾਲ ਇਨ੍ਹਾਂ ਕੂੜੇ ਦੇ ਢੇਰਾਂ ਵਿਚੋਂ ਭਾਰੀ ਬਦਬੂ ਉਠਦੀ ਰਹੀ ਅਤੇ ਇਨ੍ਹਾਂ ਕੂੜੇ ਦੇ ਢੇਰਾਂ ਦੇ ਕੋਲੋਂ ਲੰਘਣਾ ਅੌਖਾ ਬਣਿਆ ਰਿਹਾ। ਉੱਥੇ ਹੀ ਬਰਸਾਤ ਨਾਲ ਇਹ ਕੂੜਾ ਸੜਕਾਂ ਤੇ ਵੀ ਰੁਲਦਾ ਨਜਰ ਆਇਆ। ਸ਼ਹਿਰ ਦੇ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਿੱਟੀ ਨਾਲ ਤਲਾਬ ਭਰਕੇ ਇਸ ਨੂੰ ਵਰਤੋਂ ਵਿਚ ਲਿਆਂਦਾ ਜਾਵੇ।