ਹਨੇਰੇ 'ਚ ਹੋਏ ਫਰਾਰ, ਕਾਰ ਬਰਾਮਦ

ਸਵਰਨ ਗੁਲਾਟੀ, ਮੋਗਾ : ਸ਼ੱਕੀਆਂ ਦੀ ਤਲਾਸ਼ ਕਰ ਰਹੀ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਇਕ ਕਾਰ ਸਵਾਰ ਚਾਰ ਵਿਅਕਤੀਆਂ ਨੇ ਟੱਕਰ ਮਾਰ ਕੇ ਰੋਕ ਲਿਆ। ਕਾਰ 'ਚੋਂ ਨਿਕਲੇ ਇਕ ਵਿਅਕਤੀ ਨੇ ਪੁਲਿਸ ਪਾਰਟੀ ਵਿਚ ਸ਼ਾਮਲ ਥਾਣੇਦਾਰ ਨੂੰ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਉਸ ਦੀ ਛਾਤੀ 'ਤੇ ਪਿਸਤੌਲ ਤਾਨ ਦਿੱਤਾ ਅਤੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਆਪਣੀ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਫਰਾਰ ਹੋਏ ਚਾਰੋ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਮਹਿਣਾ ਦੇ ਮੁੱਖ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਰਕਾਰੀ ਗੱਡੀ 'ਤੇ ਸ਼ੱਕੀ ਪੁਰਸ਼ਾਂ ਨੂੰ ਕਾਬੂ ਕਰਨ ਲਈ ਗ਼ਸ਼ਤ ਕਰ ਰਹੇ ਸੀ। ਜਦ ਉਨ੍ਹਾਂ ਦੀ ਪੁਲਿਸ ਪਾਰਟੀ ਪਿੰਡ ਤਲਵੰਡੀ ਭੰਗੇਰੀਆਂ ਕੋਲ ਪੁੱਜੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਇਕ ਮਾਰੂਤੀ ਕਾਰ ਮਿਲੀ। ਜਿਸ ਦੀ ਨੰਬਰ ਪਲੇਟ 'ਤੇ ਗਾਰਾ ਮਲਿਆ ਹੋਇਆ ਸੀ। ਜਦ ਪੁਲਿਸ ਪਾਰਟੀ ਨੇ ਪੁੱਛਗਿੱਛ ਲਈ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਵਿਚ ਬੈਠੇ ਚਾਰ ਲੋਕਾਂ ਨੇ ਆਪਣੀ ਕਾਰ ਜਬਰਨ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਕਾਰ ਨੂੰ ਸਰਕਾਰੀ ਗੱਡੀ ਦੇ ਡਰਾਇਵਰ ਸਾਈਡ ਵਿਚ ਮਾਰੀ। ਇਸ ਤੋਂ ਬਾਅਦ ਕਾਰ ਸਵਾਰ ਗੁਰਦੀਪ ਸਿੰਘ ਜਿਸ ਦੇ ਹੱਥ ਵਿਚ 32 ਬੋਰ ਪਿਸਤੌਲ ਫੜਿਆ ਹੋਇਆ ਸੀ, ਉਹ ਕਾਰ 'ਚੋਂ ਬਾਹਰ ਨਿਕਲਿਆ ਜਿਸ ਨੇ ਮੁੱਖ ਅਫਸਰ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣਾ ਪਿਸਤੌਲ ਉਸ ਦੀ ਛਾਤੀ 'ਤੇ ਤਾਣ ਦਿੱਤਾ ਅਤੇ ਇਸ ਤੋਂ ਬਾਅਦ ਕਾਰ ਸਵਾਰ ਭਾਊ ਨਾਮਕ ਵਿਅਕਤੀ ਆਪਣੀ 12 ਬੋਰ ਕੱਟੇ ਬੱਟ ਵਾਲੀ ਬੰਦੂਕ ਪੁਲਿਸ ਪਾਰਟੀ ਵਿਚ ਸ਼ਾਮਲ ਦੁਸਰੇ ਕਰਮਚਾਰੀ 'ਤੇ ਤਾਣ ਦਿੱਤੀ। ਜਦ ਪੁਲਿਸ ਪਾਰਟੀ ਸਰਕਾਰੀ ਗੱਡੀ 'ਚੋਂ ਉਤਰੀ ਤਾਂ ਕਾਰ ਸਵਾਰ ਚਾਰੋ ਵਿਅਕਤੀ ਹਨੇਰੇ ਦਾ ਲਾਭ ਉਠਾਉਂਦੇ ਹੋਏ ਆਪਣੀ ਕਾਰ ਨੂੰ ਘਟਨਾ ਸਥਾਨ 'ਤੇ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਫਰਾਰ ਹੋਏ ਕਾਰ ਸਵਾਰ ਚਾਰੋ ਵਿਅਕਤੀਆਂ ਸੁਖਦੇਵ ਸਿੰਘ ਉਰਫ ਲੱਖੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬੁੱਘੀਪੁਰਾ, ਗੁਰਦੀਪ ਸਿੰਘ ਉਰਫ ਸੋਹਨ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਰੌਲੀ, ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਜੀਵਨਪਾਲ ਸਿੰਘ ਵਾਸੀ ਮੋਗਾ ਅਤੇ ਭਾਊ ਨਾਮਕ ਵਿਅਕਤੀਆਂ ਖਿਲਾਫ਼ ਇਰਾਦਾ ਹੱਤਿਆ, ਅਸਲਾ ਐਕਟ ਅਤੇ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਦੀ ਧਰਾਵਾਂ ਸਮੇਤ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ ਹੈ।