ਨਸ਼ੀਲੀ ਦਵਾਈ ਸੰੁਘਾ ਕੇ ਲੁੱਟਦੇ ਸਨ ਗਹਿਣੇ ਤੇ ਨਗਦੀ

ਬਜ਼ੁਰਗ ਕੋਲੋਂ ਨਗਦੀ ਤੇ ਵਾਲੀਆਂ ਖੋਹ ਕੇ ਲਿਜਾਂਦੇ ਆਏ ਅੜਿੱਕੇ

ਅੌਰਤਾਂ ਨਾਲ ਲੁੱਟਾਂਖੋਹਾਂ ਕਰਨ ਵਾਲੇ ਕਾਬੂ ਕੀਤੇ ਬਾਬਾ ਗੈਂਗ ਦੇ ਚਾਰ ਲੋਕ ਪੁਲਿਸ ਪਾਰਟੀ ਨਾਲ।

ਨੰਬਰ : 11 ਮੋਗਾ 7 ਪੀ

ਸਵਰਨ ਗੁਲਾਟੀ, ਮੋਗਾ : ਜਗਰਾਓਂ ਦੇ ਬਾਬਾ ਗਿਰੋਹ ਨੂੰ ਪੁਲਿਸ ਨੇ ਉਸ ਵੇਲੇ ਕਾਬੂ ਕਰ ਲਿਆ ਜਦ ਗਿਰੋਹ ਦੇ ਮੈਂਬਰਾਂ ਵੱਲੋਂ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਬੈਂਕ 'ਚੋਂ ਪੈਸੇ ਕੱਢਵਾ ਕੇ ਪੈਦਲ ਆਪਣੇ ਘਰ ਜਾ ਰਹੀ ਇਕ ਬਜ਼ੁਰਗ ਅੌਰਤ ਨੂੰ ਲੁੱਟਿਆ ਗਿਆ ਸੀ। ਇਸ ਗਿਰੋਹ ਦੇ ਚਾਰ ਮੈਂਬਰਾਂ ਵੱਲੋਂ ਰਾਸਤੇ ਵਿਚ ਘੇਰ ਕੇ ਉਸ ਬਜ਼ੁਰਗ ਅੌਰਤ ਕੋਲੋਂ ਨਗਦੀ ਤੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਲੈ ਗਏ ਸਨ। ਇਸ ਗਿਰੋਹ ਦੇ ਕਾਬੂ ਆਉਣ ਨਾਲ ਜ਼ਿਲ੍ਹੇ ਵਿਚ ਹੋਈਆਂ ਕਈ ਲੁੱਟਾਂਖੋਹਾਂ ਦਾ ਪਰਦਾਫਾਸ਼ ਹੋ ਸਕਦਾ ਹੈ।

ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਸ਼ੇਰ ਬਹਾਦਰ ਸਿੰਘ ਨੇ ਦੱਸਿਆ ਕਿ 60 ਸਾਲ ਦੀ ਬਜ਼ੁਰਗ ਅੌਰਤ ਮੁਕੰਦ ਕੌਰ ਪਤਨੀ ਬਾਰਾ ਸਿੰਘ ਵਾਸੀ ਪਿੰਡ ਧੂੜਕੋਟ ਰਣਸੀਂਹ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ 9 ਜੁਲਾਈ ਨੂੰ ਨਿਹਾਲ ਸਿੰਘ ਵਾਲਾ ਤੋਂ ਬੈਂਕ ਵਿਚੋਂ 2 ਹਜ਼ਾਰ ਰੁਪਏ ਕੱਢਵਾ ਕੇ ਪੈਦਲ ਹੀ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਇਕ ਮੋਟਰਸਾਈਕਲ ਤੇ ਇਕ ਸਕੂਟਰੀ ਸਵਾਰ ਚਾਰ ਲੋਕ ਉਸ ਕੋਲ ਆਏ ਜਿਨ੍ਹਾਂ ਵਿਚ ਇਕ ਅੌਰਤ ਵੀ ਸ਼ਾਮਲ ਸੀ। ਜਿਨ੍ਹਾਂ ਨੇ ਉਸ ਨੂੰ ਰਾਸਤੇ ਵਿਚ ਰੋਕ ਕੇ ਗੱਲਾਂ ਵਿਚ ਲਗਾ ਕੇ ਉਸ ਕੋਲੋਂ 2 ਹਜ਼ਾਰ ਰੁਪਏ ਦੀ ਨਗਦੀ ਅਤੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਦੋ ਵਾਲੀਆਂ ਲਾਹ ਕੇ ਫਰਾਰ ਹੋ ਗਏ। ਪੁਲਿਸ ਨੂੰ ਜਦ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਮੌਕੇ 'ਤੇ ਬਾਬਾ ਗਿਰੋਹ ਦੇ ਚਾਰੋ ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਵਿਚ ਬਿੱਲਾ ਸਿੰਘ ਪੁੱਤਰ ਪੱਪੂ ਰਾਮ ਜੋ ਕਿ ਬਾਬੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਅਤੇ ਸਤਨਾਮ ਸਿੰਘ ਪੁੱਤਰ ਜਗਸੀਰ ਸਿੰਘ ਜਿਨ੍ਹਾਂ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਬਲਵੀਰ ਸਿੰਘ ਉਰਫ ਬੀਰਾ ਪੁੱਤਰ ਹਾਕਮ ਸਿੰਘ ਤੇ ਬਲਵੀਰ ਸਿੰਘ ਬੀਰਾ ਦੀ ਪਤਨੀ ਬਿੰਦੂ ਉਰਫ ਮੱਧੂ ਵਾਸੀ ਮਹੁੱਲਾ ਰਾਮਪੁਰਾ ਨੇੜੇ ਰੇਲਵੇ ਲਾਈਨ ਜਗਰਾਓਂ ਦੇ ਰਹਿਣ ਵਾਲੇ ਹਨ ਦੇ ਰੂਪ ਵਿਚ ਦੱਸੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਸਕੂਟਰੀ ਵੀ ਬਰਾਮਦ ਕੀਤੀ ਹੈ, ਜਿਸ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਵੱਲੋਂ ਕਾਬੂ ਕੀਤੇ ਗਿਰੋਹ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ੇਰ ਬਹਾਦਰ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਵੱਲੋਂ ਕੀਤੀਆਂ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਬਾਰੇ ਪਤਾ ਲਗਾਉਣ ਲਈ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵੱਲੋ ਇਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਗਿਰੋਹ ਵੱਲੋਂ ਜਗਰਾਓਂ ਇਲਾਕੇ ਵਿਚ ਲੁੱਟਾਂਖੋਹਾਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਹੁਣ ਜ਼ਿਲ੍ਹਾ ਮੋਗਾ ਵਿਚ ਆਪਣਾ ਡੇਰਾ ਬਣਾ ਲਿਆ ਗਿਆ ਸੀ ਤੇ ਮੋਗਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਲੁੱਟਾਂ ਖੋਹਾਂ ਕਰਨ ਲੱਗ ਪਏ ਸਨ। ਇਸ ਗਿਰੋਹ ਵਿਚ ਸ਼ਾਮਿਲ ਇਕ ਅੌਰਤ ਦਾ ਸਹਾਰਾ ਲਿਆ ਜਾਂਦਾ ਸੀ ਜੋ ਕਿ ਰਾਸਤੇ ਵਿਚ ਜਾਂਦੀਆਂ ਅੌਰਤਾਂ ਨੂੰ ਰੋਕ ਕੇ ਗੱਲਾਂ ਵਿਚ ਲਗਾ ਲੈਂਦੀ ਸੀ। ਇਸ ਗਿਰੋਹ ਵੱਲੋਂ ਬੀਤੀ 4 ਜੁਲਾਈ ਨੂੰ ਮੋਗਾ ਦੇ ਚੌਕ ਸ਼ੇਖਾ ਵਾਲਾ ਵਿਖੇ ਇਕ ਰੇਡੀਮੇਟ ਦੀ ਦੁਕਾਨ ਵਿਚ ਬੈਠੀ ਅੌਰਤ ਨੂੰ ਕੋਈ ਵਸਤੂ ਸੁੰਘਾ ਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਲੈ ਗਏ ਸਨ। ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ, ਜਿਸ ਦੀ ਫੁਟੇਜ਼ ਪੀੜਤਾ ਅੌਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਮਾਮਲਾ ਦਰਜ ਕੀਤਾ ਸੀ।