ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਕਾਕਾ ਤੇ ਉਨ੍ਹਾਂ ਦੀ ਪਤਨੀ ਕੌਂਸਲਰ ਰਮਨਦੀਪ ਕੌਰ।

ਨੰਬਰ : 11 ਮੋਗਾ 3 ਪੀ

ਕਿਹਾ, ਵਿਕਾਸ ਕਾਰਜਾਂ ਲਈ ਆਏ 24 ਕਰੋੜ ਰੁਪਏ ਦਾ ਦੇਣ ਹਿਸਾਬ

2 ਕੌਂਸਲਰਾਂ 'ਤੇ ਲਾਇਆ ਨਸ਼ਾ ਤਸਕਰੀ ਦਾ ਦੋਸ਼

ਹਰਿੰਦਰ ਭੱਲਾ, ਬਾਘਾਪੁਰਾਣਾ : ਸੱਤਾਧਾਰੀ ਪਾਰਟੀ ਕਾਂਗਰਸ ਦੀ ਕੌਂਸਲਰ ਰਮਨਦੀਪ ਕੌਰ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਕਾਕਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਿਧਾਇਕ ਆਪਣੇ ਵਰਕਰਾਂ ਦੀ ਕੋਈ ਵੀ ਦਲੀਲ ਅਪੀਲ ਨਹੀਂ ਸੁਣਦਾ ਸਿਰਫ਼ ਕਾਗ਼ਜ਼ੀ ਬਿਆਨਬਾਜ਼ੀ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਜਸਵਿੰਦਰ ਸਿੰਘ ਕਾਕਾ ਜੋ ਕਿ ਮੁੱਦਕੀ ਰੋਡ ਗਊਸ਼ਾਲਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਤੇ ਬਾਬਾ ਰੋਡੂ ਸ਼ਾਹ ਪ੍ਰਬੰਧਕ ਕਮੇਟੀ ਦਾ ਵੀ ਪ੍ਰਧਾਨ ਹੈ।

ਜਸਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਥਾਨਕ ਵਿਧਾਇਕ ਨੇ 24 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਆਉਣ ਦਾ ਦਾਅਵਾ ਕੀਤਾ ਹੈ। ਅਸੀਂ ਐਲਾਨ ਕੀਤਾ ਹੈ ਕਿ ਉਹ ਪ੍ਰਰੈੱਸ ਰਾਹੀਂ ਦੱਸੇ ਕਿ 24 ਕਰੋੜ ਰੁਪਇਆ ਕਿੱਥੇ ਖਰਚਿਆ ਗਿਆ ਹੈ। ਜਿਹੜੇ ਗਰੀਬਾਂ ਮਜ਼ਦੂਰਾਂ ਨੇ ਇਸ ਵਿਧਾਇਕ ਨੂੰ ਵੋਟਾਂ ਪਾਈਆਂ ਸਨ ਉਹ ਆਪਣੇ ਨੀਲੇ ਕਾਰਡ ਬਣਵਾਉਣ ਲਈ ਵਾਰ ਵਾਰ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਥਾਨਿਕ ਵਿਧਾਇਕ ਬਾਬਾ ਰੋਡੂ ਸ਼ਾਹ ਨਗਰ ਅੰਦਰ 38 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਬਣਾਉਣ ਦਾ ਦਾਅਵਾ ਕਰਦਾ ਹੈ। ਅਸੀਂ 38 ਲੱਖ ਰੁਪਏ ਦਾ ਪੂਰਾ ਹਿਸਾਬ ਲਵਾਂਗੇ ਅਤੇ ਪੂਰਾ ਪੈਸਾ ਪਾਰਕ 'ਤੇ ਲਾਇਆ ਜਾਵੇਗਾ ਅਤੇ ਪਾਰਕ ਦੀ ਜਗ੍ਹਾ ਤੇ ਦੁਕਾਨਾਂ ਬਣਾ ਕੇ ਪੈਸੇ ਵੱਟਣ ਵਾਲੀ ਵਿਉਂਤਬੰਦੀ ਨੂੰ ਨਕਾਰਾ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਥਾਨਿਕ ਮੌਜੂਦਾ 2 ਕੌਂਸਲਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ। ਉਨ੍ਹਾਂ ਦੀ ਬਦੌਲਤ ਹੀ ਇਸ ਇਲਾਕੇ ਅੰਦਰ ਨਸ਼ੇ ਦਾ ਕਾਰੋਬਾਰ ਵੱਧ ਫੁੱਲ ਰਿਹਾ ਹੈ। ਮਜ਼ਦੂਰਾਂ ਦੀ ਦਲੀਪ ਬਸਤੀ ਅੰਦਰ 20 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਸੀ, ਉਥੋਂ ਦੀ ਕੌਂਸਲਰ ਬਬਲੀ ਸ਼ਾਹੀ ਮਜ਼ਦੂਰਾਂ ਦੀ ਆਵਾਜ਼ ਨਹੀਂ ਸੁਣ ਰਹੀ ਸੀ। ਅਸੀਂ ਇਹ ਮਾਮਲਾ ਹੱਲ ਕਰਵਾਇਆ ਹੈ।

ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਤੇ ਉਸ ਦੇ ਪਤੀ 'ਤੇ ਦੋਸ਼ ਲਾਇਆ ਕਿ ਉਹ ਪੈਸੇ ਦੇ ਕੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਹਨ ਜੇ ਇਹ ਗੱਲ ਸਹੀ ਨਹੀਂ ਤਾਂ ਉਸ ਨੂੰ ਬੁਲਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸੀ ਪਾਰਟੀ ਤੋਂ ਅਸਤੀਫਾ ਦੇ ਕੇ ਲੋਕ ਇਨਸਾਫ਼ ਪਾਰਟੀ ਰਾਹੀਂ ਇਨ੍ਹਾਂ ਦੁਆਰਾ ਕੀਤੇ ਘਪਲਿਆਂ ਦਾ ਪਰਦਾਫਾਸ਼ ਕਰਨਗੇ ਤੇ ਆਮ ਲੋਕਾਂ ਦੇ ਜਾਇਜ਼ ਕੰਮ ਸਰਕਾਰੀ ਅਦਾਰਿਆਂ ਅੰਦਰ ਕਰਵਾਏ ਜਾਣਗੇ। ਕਿਸੇ ਵੀ ਵਿਅਕਤੀ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।

------------------

ਇਕ-ਇਕ ਪੈਸੇ ਦਾ ਹਿਸਾਬ ਸਰਕਾਰੀ ਰਿਕਾਰਡ 'ਚ ਦਰਜ ਹੈ : ਵਿਧਾਇਕ ਬਰਾੜ

ਦੂਸਰੇ ਪਾਸੇ ਜਦੋਂ ਇਸ ਬਾਬਤ ਸਥਾਨਿਕ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦਾ ਇਕ-ਇਕ ਪੈਸੇ ਦਾ ਹਿਸਾਬ ਸਰਕਾਰੀ ਰਿਕਾਰਡ ਵਿਚ ਲਿਖਤ ਹੁੰਦਾ ਹੈ। ਦੂਸ਼ਣਬਾਜ਼ੀ ਕਰ ਕੇ ਅਸਲੀਅਤ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ। ਇਹ ਵਿਅਕਤੀ ਕਰੱਪਟ ਹੈ ਅਤੇ ਅਜਿਹੇ ਵਿਅਕਤੀਆਂ ਲਈ ਕਾਂਗਰਸ ਪਾਰਟੀ ਅੰਦਰ ਕੋਈ ਜਗ੍ਹਾ ਨਹੀਂ ਹੈ।

----------------

ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ : ਬਿੱਟੂ ਮਿੱਤਲ

ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਦੇ ਪਤੀ ਬਿੱਟੂ ਮਿੱਤਲ ਨੇ ਕਿਹਾ ਕਿ ਅਸੀਂ ਟਕਸਾਲੀ ਕਾਂਗਰਸੀ ਵਰਕਰ ਹਾਂ ਸਾਡੇ 'ਤੇ ਵਿਸ਼ਵਾਸ ਕਰ ਕੇ ਸਾਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਦਿੱਤੀ ਗਈ ਹੈ। ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਅਤੇ ਨਾ ਹੀ ਸਾਡੇ ਕੋਲੋਂ ਕਦੇ ਕਿਸੇ ਨੇ ਪੈਸਾ ਮੰਗਿਆ ਹੈ। ਅਸੀਂ ਨਗਰ ਕੌਂਸਲ ਪ੍ਰਧਾਨ ਹੋਣ ਦੇ ਨਾਤੇ ਜਸਵਿੰਦਰ ਸਿੰਘ ਕਾਕਾ ਤੋਂ 9 ਲੱਖ 54 ਹਜ਼ਾਰ ਰੁਪਏ ਹਾਊਸ ਟੈਕਸ ਦੀ ਮੰਗ ਕਰਦੇ ਹਾਂ ਜੋ ਉਸ ਵੱਲ ਬਕਾਇਆ ਹੈ। ਸਰਕਾਰੀ ਅਧਿਕਾਰੀ ਸਾਨੂੰ ਹਾਊਸ ਟੈਕਸ ਲੈਣ ਲਈ ਅਪੀਲ ਕਰਦੇ ਹਨ ਤਾਂ ਜੋ ਅਸੀਂ ਹਾਊਸ ਟੈਕਸ ਦੀ ਰਾਸ਼ੀ ਸ਼ਹਿਰ ਦੇ ਵਿਕਾਸ 'ਤੇ ਲਗਾ ਸਕੀਏ ਪਰ ਜਸਵਿੰਦਰ ਕਾਕਾ ਉਕਤ ਰਾਸ਼ੀ ਨਹੀਂ ਦੇ ਰਹੇ ਅਤੇ ਉਲਟ ਆਪਣਾ ਬਚਾਅ ਕਰਨ ਲਈ ਉਨ੍ਹਾਂ 'ਤੇ ਹੀ ਦੋਸ਼ ਲਾ ਰਹੇ ਹਨ।