ਵਕੀਲ ਮਹਿਰੋਂ, ਮੋਗਾ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਲਾਕਡਾਊਨ ਖ਼ਤਮ ਕਰਨ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ 3 ਤੇ 4 ਜੂਨ ਨੂੰ ਪੰਜਾਬ ਭਰ ਵਿਚ ਬਲਾਕ ਪੱਧਰੀ ਧਰਨੇ-ਮੁਜ਼ਾਹਰੇ ਕਰਨ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੰਜਾਬ ਭਰ ਵਿਚ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਇਸੇ ਕੜੀ ਵਜੋਂ 3 ਜੂਨ ਨੂੰ ਬਾਘਾ ਪੁਰਾਣਾ ਵਿਖੇ ਬਲਾਕ ਪੱਧਰੀ ਧਰਨੇ-ਮੁਜ਼ਾਹਰੇ ਵਿਚ ਪੇਂਡੂ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਲਈ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ 'ਚ ਪੇਂਡੂ ਮਜ਼ਦੂਰਾਂ ਨੇ ਰੈਲੀ ਕਰਕੇ ਇਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਕਰਿਫ਼ਊ, ਲਾਕਡਾਊਨ ਵਿੱਚ ਬੇਰੁਜ਼ਗਾਰ ਕਿਰਤੀਆਂ ਦੇ ਖਾਤੇ ਵਿਚ ਟੁੱਟੀਆਂ ਦਿਹਾੜੀਆਂ ਦੇ ਘੱਟੋ-ਘੱਟ ਉਜਰਤ ਅਨੁਸਾਰ ਪੈਸੇ ਪਾਏ ਜਾਣ। ਮਗਨਰੇਗਾ ਤਹਿਤ ਅੱਗੇ ਲਈ ਤੁਰੰਤ ਰੁਜ਼ਗਾਰ ਦਿੱਤਾ ਜਾਵੇ। ਰੁਜ਼ਗਾਰ ਨਾ ਦੇਣ ਲਈ ਜ਼ਿੰਮੇਵਾਰ ਪੰਚਾਇਤਾਂ ਅਤੇ ਪੰਚਾਇਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਰੀਰਕ ਦੂਰੀ ਲਈ ਰਿਹਾਇਸ਼ੀ ਪਲਾਟ ਦਿੱਤੇ ਜਾਣ ਅਤੇ ਮਕਾਨ ਉਸਾਰੀ ਲਈ ਗ੍ਾਂਟ ਦਿੱਤੀ ਜਾਵੇ। ਰਿਹਾਇਸ਼ੀ ਪਲਾਟਾਂ ਲਈ ਜ਼ਮੀਨ ਰਾਖਵੀਂ ਛੱਡ ਕੇ ਬਾਕੀ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਕੀਤੀਆਂ ਜਾਣ। ਪੰਚਾਇਤੀ ਜ਼ਮੀਨਾਂ ਵਿੱਚੋਂ ਰਾਖਵਾਂ ਹਿੱਸਾ ਦਲਿਤਾਂ ਨੂੰ ਅੱਧੀ ਕੀਮਤ ਉੱਤੇ ਸਾਂਝੀ ਖੇਤੀ ਕਰਨ ਲਈ ਦਿੱਤਾ ਜਾਵੇ। ਮਜ਼ਦੂਰਾਂ ਦੇ ਬਿਨਾਂ ਜਾਤ, ਬਿਨਾਂ ਕਿਸੇ ਲੋਡ ਦੇ ਘਰੇਲੂ ਬਿਜਲੀ ਬਿੱਲ ਮੁਆਫ਼ ਕੀਤੇ ਜਾਣ ਅਤੇ ਪਿਛਲੇ ਬਕਾਇਆ ਉੱਤੇ ਲਕੀਰ ਮਾਰੀ ਜਾਵੇ।