ਐਨਐਸ ਲਾਲੀ, ਕੋਟ ਈਸੇ ਖ਼ਾਂ : ਸਾਂਝੇ ਫੋਰਮ ਪੰਜਾਬ ਰਾਜ ਬਿਜਲੀ ਬੋਰਡ ਤੇ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਪੰਜਾਬ ਦੇ ਸੱਦੇ ਉੱਪਰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕੋਟ ਈਸੇ ਖ਼ਾਂ 'ਚ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2020 ਦੇ ਵਿਰੋਧ 'ਚ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕੇਸਰ ਸਿੰਘ ਪ੍ਰਧਾਨ ਸਬ ਡਵੀਜ਼ਨ, ਸਾਥੀ ਪ੍ਰਦੀਪ ਕੁਮਾਰ, ਸਾਥੀ ਸੇਵਕ ਸਿੰਘ ਮੀਤ ਪ੍ਰਧਾਨ, ਸਾਥੀ ਰਣਬੀਰ ਸਿੰਘ ਖਜ਼ਾਨਚੀ, ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੇ ਮੰਡਲ ਮੋਗਾ ਦੇ ਆਗੂ ਸਾਥੀ ਪਰਮਿੰਦਰ ਸਿੰਘ, ਸਾਥੀ ਸੁਰਜੀਤ ਸਿੰਘ ਗਗੜਾ ਜ਼ਿਲ੍ਹਾ ਸਕੱਤਰ ਸੀਪੀਐੱਮ ਮੋਗਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਐਕਟ 2003 ਵਿਚ ਸੋਧ ਕਰਕੇ ਬਿਜਲੀ ਐਕਟ 2020 ਪਾਰਲੀਮੈਂਟ ਵਿਚ ਪਾਸ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਕਰਨ ਲਈ ਰਾਹ ਖੋਲਿ੍ਹਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਬਿਜਲੀ ਅਥਾਰਟੀ ਬਣਾ ਕੇ ਸਟੇਟਾਂ ਕੋਲੋਂ ਹੱਕ ਹਕੂਕ ਖੋਹੇ ਜਾ ਰਹੇ ਹਨ ਜਿਸ ਨਾਲ ਆਉਣ ਵਾਲੇ ਸਾਰੇ ਸਮੇਂ ਵਿੱਚ ਵੰਡ ਸਿਸਟਮ, ਜਨਰੇਸ਼ਨ ਵਿੱਚ ਪੱਕੇ ਤੌਰ ਤੇ ਨਿੱਜੀਕਰਨ ਕੀਤਾ ਜਾਵੇਗਾ ਜਿਸ ਨਾਲ ਭਾਰਤ ਦੇ ਮਿਹਨਤਕਸ਼ ਲੋਕਾਂ ਅਤੇ ਕਿਸਾਨਾਂ ਨੂੰ ਰਾਜ ਸਰਕਾਰਾਂ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ, ਉਸ ਨੂੰ ਟੇਡੇ ਢੰਗ ਨਾਲ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਆਉਣ ਵਾਲੇ ਸਮੇਂ 'ਚ ਭਾਰਤ ਦੇ ਮਜ਼ਦੂਰਾਂ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਵਿਚ ਕੁੱਦਣਾ ਚਾਹੀਦਾ ਹੈ।