ਮਾਰਕੀਟ ਲਾਉਣ ਵਾਲਿਆਂ ਨੇ ਕੀਤਾ ਵਿਰੋਧ, ਤਣਾਅਪੂਰਨ ਸਥਿਤੀ ਕਾਰਨ ਪੁਲਿਸ ਫੋਰਸ ਕੀਤੀ ਤਾਇਨਾਤ

ਵਕੀਲ ਮਹਿਰੋਂ, ਮੋਗਾ : ਫਿਰੋਜ਼ਪੁਰ ਰੋਡ 'ਤੇ ਸਥਿਤ ਨਗਰ ਸੁਧਾਰ ਟਰੱਸਟ ਮੋਗਾ ਦੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਤੇ ਪਿਛਲੇ 40 ਵਰਿ੍ਹਆਂ ਤੋਂ ਕਥਿਤ ਤੌਰ ਤੇ 'ਮੱਛੀ ਮਾਰਕੀਟ' ਲਗਾ ਕੇ ਕੀਤਾ ਗਿਆ ਨਾਜਾਇਜ਼ ਕਬਜ਼ਾ ਆਖਿਰਕਾਰ ਡਿਊਟੀ ਮੈਜਿਸਟ੍ਰੇਟ ਮਨਿੰਦਰ ਸਿੰਘ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿਚ ਨਗਰ ਸੁਧਾਰ ਟਰੱਸਟ ਮੋਗਾ ਦੇ ਅਧਿਕਾਰੀਆਂ ਨੇ ਛੁਡਾ ਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਇਸ ਜ਼ਮੀਨ ਤੇ ਮੱਛੀ ਮਾਰਕੀਟ ਲਗਾ ਕੇ ਲੋਕ ਆਪਣੇ ਕਾਰੋਬਾਰ ਕਰਦੇ ਸਨ ਪ੍ਰੰਤੂ ਨਗਰ ਸੁਧਾਰ ਟਰੱਸਟ ਵਲੋਂ ਜਦੋਂ ਵਾਰ-ਵਾਰ ਦੁਕਾਨਦਾਰਾਂ ਨੂੰ ਮੱਛੀ ਮਾਰਕੀਟ ਨੂੰ ਚੁੱਕਣ ਲਈ ਅਪੀਲਾਂ ਤੇ ਦਲੀਲਾਂ ਕਰਨ ਮਗਰੋਂ ਵੀ ਕੋਈ ਹੱਲ ਨਾ ਹੋਇਆ ਤਾਂ ਅੱਜ ਤੜਕਸਾਰ ਭਾਰੀ ਗਿਣਤੀ ਵਿਚ ਪੁਲਿਸ ਫਰੋਸ ਨੂੰ ਨਾਲ ਲੈ ਕੇ ਨਗਰ ਸੁਧਾਰ ਟਰੱਸਟ ਦੇ ਅਮਲੇ ਫੈਲੇ ਵਲੋਂ ਕਾਰਵਾਈ ਸ਼ੁਰੂ ਕੀਤੀ ਗਈ। ਦੁਕਾਨਦਾਰ ਨਾਨਕ ਚੰਦ ਤੇ ਹੋਰਨਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਇੱਥੇ ਕਾਰੋਬਾਰ ਕਰਕੇ ਆਪਣਾ ਪੇਟ ਪਾਲਦੇ ਹਨ ਪ੍ਰੰਤੂ ਉਨ੍ਹਾਂ ਨੂੰ ਉਠਾਇਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਦਾ ਨੁਕਸਾਨ ਹੋਵੇਗਾ। ਇਸ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਬਨਣ ਮਗਰੋਂ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਲੈ ਕੇ ਪੁੱਜੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ, ਐਸਐਚਓ ਕਰਮਜੀਤ ਸਿੰਘ ਅਤੇ ਸਬ ਇੰਸਪੈਕਟਰ ਸੰਦੀਪ ਸਿੰਘ ਵਲੋਂ ਦੁਕਾਨਦਾਰਾਂ ਨੂੰ ਸਮਝਾਇਆ ਗਿਆ ਤਾਂ ਉਨ੍ਹਾਂ ਆਪਣੇ ਪੱਧਰ ਤੇ ਹੀ ਸਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਮੱਛੀ ਮਾਰਕੀਟ ਚੁੱਕਣ ਮਗਰੋਂ ਨਾਲ ਲੱਗਦੇ ਦੁਕਾਨਦਾਰਾਂ ਨੇ ਜ਼ਰੂਰ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਮੱਛੀ ਮਾਰਕੀਟ ਦੀ ਗੰਦਗੀ ਕਰਕੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।