ਤਿੰਨ ਵਿਅਕਤੀਆਂ ਦੇ ਮਾਸਕ ਨਾ ਪਾਉਣ 'ਤੇ ਕੀਤੇ ਚਲਾਨ

ਸਵਰਨ ਗੁਲਾਟੀ, ਮੋਗਾ : ਕੋਰੋਨਾ ਵਾਇਰਸ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਲਾਕਡਾਊਨ ਕਰਨ ਤੋਂ ਬਾਅਦ ਕਰਫਿਊ ਲਗਾਇਆ ਹੋਇਆ ਹੈ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੂੰਹ ਤੇ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਨ੍ਹਾਂ ਲੋਕਾਂ ਨੇ ਆਪਣੇ ਮੂੰਹ ਤੇ ਮਾਸਕ ਨਹੀਂ ਪਾਇਆ ਪੁਲਿਸ ਵੱਲੋਂ ਉਹਨਾਂ ਲੋਕਾਂ ਦੇ ਮੌਕੇ ਤੇ ਹੀ ਚਲਾਣ ਕੱਟ ਤੇ ਜੁਰਮਾਨਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਡੀ.ਐਸ.ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਸੋਮਵਾਰ ਦੀ ਸਵੇਰੇ 5 ਵਜੇ ਭਾਰੀ ਬਲ ਨਾਲ ਮੋਗਾ ਦੀ ਸਬਜ਼ੀ ਮੰਡੀ ਵਿਖੇ ਪੁੱਜੇ। ਇਸ ਮੌਕੇ ਉਹਨਾਂ ਨਾਲ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਅਤੇ ਮਾਰਕੀਟ ਕਮੇਟੀ ਤੇ ਸੈਕਟਰੀ ਵਜੀਰ ਸਿੰਘ ਅਤੇ ਸੁਪਰਵਾਈਜ਼ਰ ਸੁਖਮੰਦਰ ਸਿੰਘ ਹਾਜ਼ਰ ਸਨ।

ਇਸ ਮੌਕੇ ਪੁਲਿਸ ਵੱਲੋਂ ਸਾਰੀ ਸਬਜ਼ੀ ਮੰਡੀ ਦੀ ਚੈਕਿੰਗ ਕਰਨ ਤੇ ਪੁਲਿਸ ਨੇ ਸਾਰੀ ਮੰਡੀ ਵਿਚ ਤਿੰਨ ਵਿਅਕਤੀਆਂ ਨੂੰ ਬਿਨ੍ਹਾਂ ਮਾਸਕ ਤੋਂ ਕਾਬੂ ਕਰਕੇ ਉਹਨਾਂ ਦੇ ਚਲਾਨ ਕੀਤੇ। ਇਸ ਮੌਕੇ ਡੀਐੱਸਪੀ ਵੱਲੋਂ ਸਬਜ਼ੀ ਮੰਡੀ ਦੇ ਸਮੂਹ ਆੜ੍ਹਤੀਆਂ ਨੂੰ ਕਿਹਾ ਗਿਆ ਕਿ ਉਹ ਸਬਜ਼ੀ ਖਰੀਦਣ ਆਏ ਲੋਕਾਂ ਵਿਚ ਸਮਾਜਿਕ ਦੂਰੀ ਬਣਾਉਣ ਵਿਚ ਧਿਆਨ ਰੱਖਣ ਅਤੇ ਬਿਨਾਂ ਮਾਸਕ ਪਹਿਣੇ ਸਬਜ਼ੀ ਖਰੀਦਣ ਆਏ ਕਿਸੇ ਵੀ ਵਿਅਕਤੀ ਨੂੰ ਸਬਜ਼ੀ ਨਾ ਵੇਚਣ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਹੋਣਾ ਜ਼ਰੂਰੀ ਹੈ।