ਸਵਰਨ ਗੁਲਾਟੀ, ਮੋਗਾ : ਐਤਵਾਰ ਸਵੇਰੇ ਨੇੜਲੇ ਪਿੰਡ ਡਾਲਾ ਦੀ ਅਨਾਜ ਮੰਡੀ 'ਚੋਂ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦਾ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਪਿੰਡ ਦੇ ਲੋਕ ਦਾਣਾ ਮੰਡੀ ਵਿਚ ਪੁੱਜਣੇ ਸ਼ੁਰੂ ਹੋ ਗਏ। ਪਿੰਡ ਵਾਸੀਆਂ ਨੇ ਮਿ੍ਤਕ ਵਿਅਕਤੀ ਦੀ ਪਹਿਚਾਣ ਧਰਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਡਾਲਾ ਦੇ ਰੂਪ ਵਿੱਚ ਕੀਤੀ ਗਈ। ਮਿ੍ਤਕ ਦੇ ਪਰਿਵਾਰ ਵੱਲੋਂ ਇਸ ਦੀ ਸੂਚਨਾ ਥਾਣਾ ਮਹਿਣਾ ਪੁਲਿਸ ਨੂੰ ਦਿੱਤੀ ਗਈ। ਥਾਣਾ ਮਹਿਣਾ ਪੁਲਿਸ ਦੇ ਥਾਣੇਦਾਰ ਜਗਜੀਤ ਸਿੰਘ ਪੁਲਿਸ ਪਾਰਟੀ ਸਣੇ ਪਿੰਡ ਡਾਲਾ ਵਿਖੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤੀ ਗਈ ਹੈ। ਥਾਣੇਦਾਰ ਜਗਜੀਤ ਸਿੰਘ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਮਿ੍ਤਕ ਧਰਮ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਕਿ ਕਥਿਤ ਤੌਰ ਤੇ ਸ਼ਰਾਬ ਪੀਣ ਦਾ ਆਦਿ ਸੀ ਅਤੇ ਹੋ ਸਕਦਾ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਮੰਡੀ ਵਿਚੋਂ ਲੰਘਦੇ ਮੋਟਰਸਾਈਕਲ ਤੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਹੋਵੇ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਮੌਤ ਦੇ ਕਾਰਨ ਪਤਾ ਚੱਲ ਪਾਏਗਾ।