ਸਵਰਨ ਗੁਲਾਟੀ, ਮੋਗਾ : ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਬਹੋਨਾ ਵਿਖੇ ਇਕ ਨਾਬਾਲਿਗ ਲੜਕੇ ਦੀ ਕੁੱਟਮਾਰ ਕਰਨ ਅਤੇ ਉਸ ਦੀ ਦਾਦੀ ਨੂੰ ਜਾਤੀ ਪ੍ਰਤੀ ਗਲਤ ਸ਼ਬਦ ਬੋਲਣ ਦੇ ਦੋਸ਼ 'ਚ ਪੁਲਿਸ ਨੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਧਰਮਕੋਟ ਦੇ ਡੀਐੱਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਅੌਰਤ ਬਲਵੀਰ ਕੌਰ ਪਤਨੀ ਮਲਕੀਤ ਸਿੰਘ ਵਾਸੀ ਪਿੰਡ ਬਹੋਨਾ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੋਸ਼ ਲਾਏ ਕਿ ਪਿੰਡ ਦੇ ਹੀ ਵਿਸ਼ਨੂੰ ਸਿੰਘ, ਗੋਰਾ ਸਿੰਘ, ਇੰਦਰਜੀਤ ਸਿੰਘ, ਪੇ੍ਮ ਸਿੰਘ, ਨੀਲੀ ਸਿੰਘ, ਗੋਰੀ ਸਿੰਘ, ਰਾਜਪਾਲ ਸਿੰਘ ਅਤੇ ਮਨੀ ਸਿੰਘ ਨਾਮਕ ਲੋਕਾਂ ਨੇ ਮਿਲ ਕੇ 25 ਮਈ ਦੀ ਸਵੇਰੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਸ ਦੇ 15 ਸਾਲ ਦੇ ਪੋਤੇ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਤੀ ਪ੍ਰਤੀ ਗਲਤ ਸ਼ਬਦ ਬੋਲੇ, ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਵਜ੍ਹਾ ਰੰਜ਼ਿਸ਼ ਇਹ ਹੈ ਕਿ ਉਕਤ ਲੋਕ ਉਸ ਦੇ ਪੋਤੇ 'ਤੇ ਚੋਰੀ ਕਰਨ ਦਾ ਝੂਠਾ ਇਲਜ਼ਾਮ ਲਾਉਂਦੇ ਸਨ ਤੇ ਉਹ ਉਨ੍ਹਾਂ ਨੂੰ ਰੋਕਦੀ। ਪੁਲਿਸ ਨੇ ਨਾਬਾਲਿਗ ਲੜਕੇ ਦੀ ਦਾਦੀ ਦੀ ਸ਼ਿਕਾਇਤ 'ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।