ਹਰਿੰਦਰ ਭੱਲਾ, ਬਾਘਾਪੁਰਾਣਾ : ਬਾਘਾਪੁਰਾਣਾ ਮੁੱਦਕੀ ਰੋਡ 'ਤੇ ਸਥਿਤ ਗਊਸ਼ਾਲਾ ਦੀ ਬੈਕ ਸਾਈਡ ਮੈਰਿਜ ਪੈਲੇਸ ਦੇ ਮਾਲਕ ਇਕ ਵਿਅਕਤੀ ਦੇ ਘਰ ਵਿਚੋਂ ਅਣਪਛਾਤੇ ਚੋਰ ਸੋਮਵਾਰ ਦੀ ਦੁਪਹਿਰ ਨੂੰ ਦਿਨ ਦਿਹਾੜੇ ਕਰੀਬ ਸਾਢੇ ਤਿੰਨ ਲੱਖ ਦੀ ਨਕਦੀ, ਇਕ ਲਾਇਸੈਂਸੀ ਪਿਸਟਲ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਸੂਚਨਾ ਮਿਲਦਿਆਂ ਹੀ ਡੀਐਸਪੀ ਰਣਜੋਧ ਸਿੰਘ ਅਤੇ ਐਸਐਚਓ ਜਸਵੰਤ ਸਿੰਘ ਸਮੇਤ ਪੁਲਿਸ ਪਾਰਟੀ ਮੌਕਾ 'ਤੇ ਪੁੱਜੇ ਅਤੇ ਘਟਨਾ ਦੀ ਛਾਣਬੀਣ ਸ਼ੁਰੂ ਕੀਤੀ।

ਪ੍ਾਪਤ ਜਾਣਕਾਰੀ ਮੁਤਾਬਿਕ ਮੁੱਦਕੀ ਰੋਡ 'ਤੇ ਸਥਿਤ ਪੰਕਜ ਮੈਰਿਜ ਪੈਲੇਸ ਦੇ ਮਾਲਕ ਸੁਰੇਸ਼ ਕੁਮਾਰ ਮੋਦੀ ਉਰਫ਼ ਮੋਦੀ ਤਲਵਾੜ ਦੇ ਘਰੋਂ ਅਣਪਛਾਤੇ ਚੋਰ 12 ਤੋਂ 1 ਵਜੇ ਦੇ ਕਰੀਬ ਆਏ। ਘਟਨਾ ਸਮੇਂ ਸੁਰੇਸ਼ ਦੀ ਪਤਨੀ ਅਤੇ ਬੇਟੀ ਪੈਲੇਸ ਵਿੱਚ ਚੱਲ ਰਹੇ ਫਿਜ਼ਿਓਥਰੈਪੀ ਸੈਂਟਰ ਵਿੱਚ ਗਈਆਂ ਹੋਈਆਂ ਸਨ ਅਤੇ ਘਰ ਵਿੱਚ ਕੋਈ ਨਹੀਂ ਸੀ। ਇਸ ਦੌਰਾਨ ਅਣਪਛਾਤੇ ਚੋਰ ਘਰ ਦੀ ਦੀਵਾਰ ਟੱਪ ਕੇ ਅੰਦਰ ਦਾਖ਼ਲ ਹੋਏ। ਅੰਦਰ ਜਾ ਕੇ ਮੇਨ ਗੇਟ ਦਾ ਤਾਲਾ ਤੋੜਿਆ ਅਤੇ ਘਰ ਵਿੱਚ ਦਾਖ਼ਲ ਹੋ ਗਏ। ਚੋਰ ਘਰ ਵਿਚੋਂ ਸੇਫ਼ ਵਿੱਚ ਪਈ ਸਾਢੇ ਤਿੰਨ ਲੱਖ ਦੀ ਨਗਦੀ, ਲਾਇਸੈਂਸੀ ਪਿਸਟਲ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਮੋਦੀ ਅਨੁਸਾਰ ਕਰੀਬ ਅੱਠ ਲੱਖ ਦੀ ਚੋਰੀ ਹੋਈ ਹੈ। ਪੁਲਿਸ ਨੇ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।