ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਜ਼ਿਲ੍ਹੇ ਦੇ ਆਲੂ ਕਾਸ਼ਤਕਾਰਾਂ ਨੂੰ ਕੁਦਰਤ ਦੀ ਕਰੋਪੀ ਦਾ ਇਕ ਵਾਰ ਫਿਰ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤੀ ਆਲੂਆਂ ਦੀ ਫਸਲ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ, ਬੱਡੂਵਾਲ, ਇੰਦਗੜ੍ਹ, ਕਿਸ਼ਨਪੁਰਾ, ਭਿੰਡਰ ਕਲਾਂ ਤੋਂ ਇਲਾਵਾ ਕਈ ਹੋਰ ਪਿੰਡਾਂ ਵਿੱਚ ਵੀ ਆਲੂਆਂ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਵਕਤ ਚਿੰਤਾ ਦੇ ਆਲਮ ‘ਚ ਡੁੱਬੇ ਨਜ਼ਰ ਆ ਰਹੇ ਹਨ। ਧਰਮਕੋਟ ਹਲਕੇ ਦੇ ਪਿੰਡ ਰੌਲੀ ਦੇ ਕਿਸਾਨਾਂ ਨੇ ਖੇਤਾਂ ਵਿੱਚ ਜਾ ਕੇ ਆਲੂਆਂ ਦੀ ਖ਼ਰਾਬ ਹੋਈ ਫਸਲ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਰੌਲੀ ਵਿਚ 10 ਤੋਂ 15 ਦੇ ਕਰੀਬ ਕਿਸਾਨਾਂ ਵੱਲੋਂ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਰੁਕ ਰੁਕ ਪਈ ਬਾਰਿਸ਼ ਨਾਲ ਆਲੂਆਂ ਦੀ ਫ਼ਸਲ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਆਲੂ ਪੂਰੀ ਤਰ੍ਹਾਂ ਨਾਲ ਸੜ ਚੁੱਕੇ ਹਨ। ਕਿਸਾਨਾਂ ਨੇ ਕਿਹਾ ਕਿ ਆਲੂਆਂ ਦੀ ਵੇਲ ਉਪਰੋਂ ਦੇਖਣ ਨੂੰ ਹਰੀ ਨਜ਼ਰ ਆ ਰਹੀ ਹੈ ਪਰ ਵੇਲ ਹੇਠਾਂ ਪੂਰੀ ਤਰ੍ਹਾਂ ਆਲੂ ਗਲ ਚੁੱਕਾ ਹੈ। ਕਿਸਾਨਾਂ ਨੇ ਕਿਹਾ ਕਿ ਬੜੀ ਮਿਹਨਤ ਨਾਲ ਪਾਲੀ ਆਲੂਆਂ ਦੀ ਫਸਲ ਖਰਾਬ ਹੋਈ ਜਰੀ ਨਹੀਂ ਜਾ ਰਹੀ।

ਪਿੰਡ ਰੌਲੀ ਵਿੱਚ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਗੁਰਵਿੰਦਰ ਸਿੰਘ ਕੋਕੀ, ਹਰਜੀਤ ਸਿੰਘ ਰਾਜੂ, ਸੁਰਜੀਤ ਸਿੰਘ ਗੋਰਾ ਹਰਿੰਦਰ ਸਿੰਘ ਨੇ ਕਿਹਾ ਕਿ ਲਗਾਤਾਰ ਰੁਕ ਰੁਕ ਕੇ ਪਈ ਬਾਰਿਸ਼ ਨੇ ਉਨ੍ਹਾਂ ਦੀ ਆਲੂਆਂ ਦੀ ਫਸਲ ਨੂੰ ਬੁਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇ।

ਸਰਕਾਰ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ : ਬ੍ਰਹਿਮਕੇ

ਕਿਸਾਨ ਆਗੂ ਬਲਵੰਤ ਸਿੰਘ ਬ੍ਰਹਮਕੇ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਰੁਕ ਰੁਕ ਬਾਰਿਸ਼ ਪੈਣ ਕਾਰਨ ਹਲਕਾ ਧਰਮਕੋਟ ਦੇ ਪਿੰਡ ਬੱਡੂਵਾਲ, ਕਿਸ਼ਨਪੁਰਾ ਕਲਾਂ ਅਤੇ ਰੌਲੀ ਪਿੰਡ ਤੋਂ ਇਲਾਵਾ ਕਈ ਹੋਰ ਪਿੰਡਾਂ ਵਿੱਚ ਲਗਪਗ 700 ਏਕੜ ਆਲੂਆਂ ਦਾ ਰਕਬਾ ਬੁਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਪ੍ਰਿਤਪਾਲ ਸਿੰਘ ਅਤੇ ਹੌਰਟੀਕਲਚਰ ਵਿਭਾਗ ਦੇ ਨੁਮਾਇੰਦੇ ਮਲਕੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕੀਤਾ ਹੈ।

ਰਿਪੋਰਟ ਤਿਆਰ ਕਰਕੇ ਭੇਜਾਂਗੇ ਉੱਚ ਅਧਿਕਾਰੀਆਂ ਨੂੰ : ਖੇਤੀਬਾੜੀ ਅਫ਼ਸਰ

ਇਸ ਸੰਬੰਧੀ ਜਦੋਂ ਮੁੱਖ ਖੇਤੀਬਾੜੀ ਅਫ਼ਸਰ ਡਾ ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਬ੍ਰਹਿਮਕੇ ਵੱਲੋਂ ਅਤੇ ਪਿੰਡ ਰੌਲੀ ਦੇ ਕਿਸਾਨਾਂ ਦੇ ਆਲੂ ਬਾਰਿਸ਼ ਕਾਰਨ ਬੁਰੀ ਤਰ੍ਹਾਂ ਨਾਲ ਨਸ਼ਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਜ਼ਿਲ੍ਹੇ ਵਿੱਚ ਆਲੂ ਕਾਸ਼ਤਕਾਰਾਂ ਕੋਲ ਜਾ ਕੇ ਰਿਪੋਰਟ ਤਿਆਰ ਕਰ ਰਹੀ ਹੈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਹੁਣ ਤੱਕ 7500 ਹੈੱਕਟੇਅਰ ਆਲੂਆਂ ਦੀ ਫਸਲ ਖਰਾਬ ਦੀ ਰਿਪੋਰਟ ਤਿਆਰ ਹੋ ਚੁੱਕੀ ਹੈ। ਇਸ ਦੀ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਡੀਸੀ ਮੋਗਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਰਿਪੋਰਟ ਭੇਜੀ ਜਾਵੇਗੀ।

Posted By: Jagjit Singh