ਸਟਾਫ ਰਿਪੋਰਟਰ, ਫਰੀਦਕੋਟ : ਸਿਹਤ ਵਿਭਾਗ ਦੀਆਂ ਟੀਮਾਂ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਦੀ ਜੰਗ ਵਿੱਚ ਸੁਚੇਤ ਹੋ ਕੇ ਸਹਿਯੋਗ ਦੇਣ ਲਈ ਆਮ ਲੋਕਾਂ ਨੂੰ ਸੁਨੇਹਾ ਦੇ ਰਹੀਆਂ ਹਨ, ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਅਤੇ ਸਿਵਲ ਸਰਜਨ ਡਾ. ਸੰਜੇ ਕਪੂਰ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਦੇ ਵੱਧ ਦੇ ਪ੍ਰਭਾਵ ਨੇ ਫ਼ਰੀਦਕੋਟ ਨੂੰ ਪੂਰੀ ਤਰਾਂ੍ਹ ਆਪਣੀ ਲਪੇਟ ਵਿਚ ਲੈ ਲਿਆ ਹੈ। ਐਤਵਾਰ ਨੂੰ 5 ਕੋਰੋਨਾ ਪੀੜਤ ਮਰੀਜ਼ਾਂ ਦੀ ਜਿਥੇ ਮੌਤ ਹੋਣ ਦਾ ਪਤਾ ਲੱਗਾ ਹੈ ਉਥੇ 285 ਕੋਰੋਨਾ ਦੇ ਨਵੇਂ ਅੰਕੜਿਆਂ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਗੰਭੀਰ ਚਿੰਤਾ ਵਿਚ ਡੋਬ ਦਿੱਤਾ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾਂ ਨਾਲ 153 ਜਣਿਆ ਦੀ ਮੌਤ ਹੋ ਚੁੱਕੀ ਹੈ ਅਤੇ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਅੰਕੜੇ 9164 ਤੱਕ ਪੁੰਜ ਗਏ ਹਨ। ਜ਼ਿਲ੍ਹੇ 'ਚ ਐਕਟਿਵ ਮਾਮਲਿਆਂ ਦਾ ਅੰਕੜਾ 1562 'ਤੇ ਪੁੱਜ ਗਿਆ ਹੈ। ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ 285 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਇਹ ਇੱਕ ਖਤਰਨਾਕ ਵਾਇਰਸ ਹੈ। ਇਸ ਲਈ ਅਜੇ ਵੀ ਜਾਗਰੂਕ ਹੋਣ ਤੇ ਲਾਪਰਵਾਹੀ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ, ਵਾਰ-ਵਾਰ ਹੱਥ ਧੋਣਾ,ਮਾਸਕ ਲਗਾ ਕੇ ਰੱਖਣਾ ਅਤੇ ਸਰੀਰਕ ਦੂਰੀ ਬਣਾ ਕੇ ਰੱਖਣਾ ਅਜੇ ਸਮੇ ਦੀ ਲੋੜ ਹੈ। ਇਸੇ ਤਰ੍ਹਾਂ ਹੀ ਸਾਰਿਆਂ ਦੇ ਸਹਿਯੋਗ ਨਾਲ ਹੀ ਕੋਰੋਨਾ ਤੇ ਜਿੱਤ ਪਾਈ ਜਾ ਸਕਦੀ ਹੈ। ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ. ਫਲੈਗ ਚਾਵਲਾ ਨੇ ਕਿਹਾ ਕਿ ਜੇ ਕਿਸੇ ਨੂੰ ਖਾਂਸੀ, ਜ਼ੁਕਾਮ, ਬੁਖ਼ਾਰ ਜਾਂ ਸਾਹ ਲੈਣ ਵਿੱਚ ਤਕਲੀਫ ਵਰਗੇ ਲੱਛਣ ਨਜ਼ਰ ਆ ਰਹੇ ਹਨ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰੋ। ਜੇ ਕਿਸੇ ਵਿਅਕਤੀ ਵਿੱਚ ਲੱਛਣ ਦਿਖਾਈ ਨਹੀ ਵੀ ਦੇ ਰਹੇ ਤਾਂ ਵੀ ਉਹ ਸ਼ੱਕ ਦੂਰ ਕਰਨ ਲਈ ਬਿਨਾ ਕਿਸੇ ਡਰ ਤੋਂ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਸੈਂਪਲ ਦੇ ਸਕਦਾ। ਉਨ੍ਹਾਂ ਨੇ ਕਿਹਾ ਕਿ ਹੁਣ ਰੋਜ਼ਾਨਾ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਣਾ ਖਤਰੇ ਦੀ ਘੰਟੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਤੇ ਫ਼ਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਗਠਿਤ ਟੀਮਾਂ ਵੱਲੋਂ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।