ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪਿੰਡ ਹਿੰਮਤਪੁਰਾ ਵਿੱਚ ਸ਼ਰਾਬ ਦਾ ਠੇਕਾ ਤੀਜੀ ਥਾਂ ਰੱਖਣ ਦੇ ਵਿਰੁੱਧ ਚੱਲ ਰਹੇ ਧਰਨੇ ਨੂੰ 19 ਦਿਨ ਹੋ ਗਏ ਹਨ। ਠੇਕੇਦਾਰ ਤੇ ਪ੍ਰਸ਼ਾਸਨ ਖੋਖਾ ਅਤੇ ਮਲਬਾ ਚੁੱਕਣ ਲਈ ਲਾਰੇ ਲਾ ਕੇ ਸਾਰ ਰਿਹਾ ਹੈ। ਜਦਕਿ ਜ਼ਮੀਨ ਦੇ ਮਾਲਕ ਭੋਲਾ ਸਿੰਘ ਨਾਲ ਠੇਕੇਦਾਰ ਦਾ ਕੋਈ ਐਗਰੀਮੈਂਟ ਨਹੀਂ ਹੋਇਆ ਠੇਕੇਦਾਰ ਨੇ ਧੱਕੇ ਨਾਲ ਗਰੀਬ ਕਿਸਾਨ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਕਿਉਂਕਿ ਹਾਕਮ ਧਿਰ ਅਤੇ ਪੂਰਾ ਪ੍ਰਸ਼ਾਸਨ ਠੇਕੇਦਾਰ ਦੇ ਨਾਲ ਖੜ੍ਹਾ ਹੈ ਇਸ ਲਈ ਠੇਕੇਦਾਰ ਟੱਸ ਤੋਂ ਮੱਸ ਨਹੀਂ ਕਰ ਰਿਹਾ। ਇਸ ਸਬੰਧੀ 30 ਜੂਨ ਨੂੰ ਨਿਹਾਲ ਸਿੰਘ ਵਾਲੇ ਦੇ ਐਸਡੀਐਮ ਦੇ ਰੀਡਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਜਿਸ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਸ਼ਾਮਲ ਸਨ ਨੇ ਦੋ ਦਿਨਾਂ ਵਿਚ ਸ਼ਰਾਬ ਦਾ ਖੋਖਾ ਅਤੇ ਮਲਬਾ ਚੁੱਕਣ ਲਈ ਯਾਦ ਪੱਤਰ ਦਿੱਤਾ ਗਿਆ ਹੈ। ਜਿਸ ਦਾ ਸਮਾਂ ਅੱਜ ਸ਼ਾਮ ਤਕ ਦਾ ਹੈ।

ਖੋਖਾ ਅਤੇ ਮਲਬਾ ਨਾ ਚੁੱਕਣ ਦੀ ਸੂਰਤ ਜੱਥੇਬੰਦੀਆਂ ਨੇ ਅਗਾਊਂ ਮੀਟਿੰਗ ਕਰਕੇ ਜੱਥੇਬੰਦਕ ਕਾਰਵਾਈ ਕਰਨ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੰਗੀਰ ਸਿੰਘ, ਜਗਸੀਰ ਸਿੰਘ, ਜਸਵੰਤ ਸਿੰਘ ਅਤੇ ਦੇਵ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦਰਸ਼ਨ ਸਿੰਘ, ਪ੍ਰਧਾਨ ਕਰਨੈਲ ਸਿੰਘ,ਬਿੱਲੂ ਅਤੇ ਕਾਕਾ, ਨੌਜਵਾਨ ਭਾਰਤ ਸਭਾ ਦੇ ਗੁਰਮੁਖ ਸਿੰਘ,ਹੈਪੀ, ਮਨਜਿੰਦਰ ਸਿੰਘ ਅਤੇ ਪੀੜਤਾਂ ਵਿੱਚੋਂ ਭੋਲਾ ਸਿੰਘ, ਜਗਤਾਰ ਸਿੰਘ ਅਤੇ ਗੁਰਮੇਲ ਸਿੰਘ ਹਾਜ਼ਰ ਸਨ।

Posted By: Amita Verma