ਪਵਨ ਗਰਗ, ਬਾਘਾਪੁਰਾਣਾ : ਜ਼ਿਲ੍ਹਾ ਵਿਚ ਤੇ ਇਸ ਦੀ ਸਬ ਡਵੀਜ਼ਨ ਬਾਘਾਪੁਰਾਣਾ ਵਿਖੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਧੀਨ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਪੰਨੂ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿਚ ਵੱਖਰੇ-ਵੱਖਰੇ ਕੁੱਲ 13 ਬੈਂਚ ਬਣਾਏ ਗਏ। ਇਸ ਲੋਕ ਅਦਾਲਤ ਵਿਚ ਕੰਜਿਊਮਰ ਕੋਰਟ ਦਾ ਅਤੇ ਰੈਵੀਨਿਊ ਕੇਸਾਂ ਲਈ ਅਲੱਗ ਤੋਂ ਬੈਂਚ ਬਣਾਏ ਗਏ ਸਨ।

ਇਸ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਮਰੀਸ਼ ਕੁਮਾਰ ਨੇ ਦੱਸਿਆ ਕਿ ਇਹ ਰਾਸ਼ਟਰੀ ਲੋਕ ਅਦਾਲਤ ਤੇਜਿੰਦਰ ਸਿੰਘ ਢੀਂਡਸਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਅਰੁਣ ਗੁਪਤਾ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਮਨਦੀਪ ਪੰਨੂ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਦੀਆਂ ਹਦਾਇਤਾਂ ਅਨੁਸਾਰ ਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਵੱਖ-ਵੱਖ ਬੈਂਚਾਂ ਵੱਲੋਂ 598 ਪ੍ਰਰੀ-ਲਿਟੀਗੇਟਿਵ ਅਤੇ 1087 ਪੈਂਡਿੰਗ ਕੇਸਾਂ ਦਾ ਨਬੇੜਾ ਆਪਸੀ ਰਾਜੀਨਾਮੇ ਤਹਿਤ ਕਰਵਾਇਆ ਗਿਆ ਅਤੇ ਕੁੱਲ 14 ਕਰੋੜ 88 ਲੱਖ 98 ਹਜ਼ਾਰ 950 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਦੇ ਆਮ ਲੋਕਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਕਿਉਂਕਿ ਇਸ ਵਿਚ ਰਾਜੀਨਾਮਾ ਕਰਨ ਨਾਲ ਆਪਸੀ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤਾਂ ਦੇ ਫੈਸਲੇ ਦੇ ਖ਼ਿਲਾਫ਼ ਕੋਈ ਵੀ ਅਪੀਲ ਨਹੀਂ ਕੀਤੀ ਜਾ ਸਕਦੀ।