ਜਗਤਾਰ ਧੰਜਲ, ਮਾਨਸਾ: ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵੱਲੋ ਬੀਤੇ ਅਗਸਤ ਮਹੀਨੇ ਵਿੱਚ ਥਾਣਾ ਝੁਨੀਰ ਦੇ ਮੁੱਖੀ (ਐੱਸਆਈ) ਜਗਦੇਵ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਸੀ ਪਰ ਥਾਣਾ ਮੁਖੀ ਨੂੰ ਪੈਸੇ ਦਿਵਾਉਣ ਵਾਲਾ ਵਿਚੋਲਾ ਅਜੇ ਫਰਾਰ ਸੀ ਜਿਸ ਨੂੰ ਅੱਜ ਡੀਐੱਸਪੀ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਚੌਕਸੀ ਵਿਭਾਗ ਦੀ ਟੀਮ ਨੇ ਝੁਨੀਰ ਤੋਂ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ, ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਨੇ ਇੱਕ ਰਿਸ਼ਵਤ ਮਾਮਲੇ ਵਿੱਚ ਕਾਰਵਾਈ ਕਰਦਿਆਂ ਟ੍ਰੈਪ ਲਗਾਕੇ ਮਿਤੀ 12 ਅਗਸਤ 2021 ਨੂੰ ਥਾਣਾ ਝੁਨੀਰ ਦੇ ਉਸ ਸਮੇ ਦੇ ਮੁੱਖੀ ਜਗਦੇਵ ਸਿੰਘ ਨੂੰ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀ ਕਾਬੂ ਕਰਕੇ ਰਿਸ਼ਵਤ ਦੀ ਰਕਮ 9 ਹਜਾਰ ਰੁਪਏ ਬਰਾਮਦ ਕੀਤੀ ਸੀ ਪਰ ਥਾਣੇਦਾਰ ਨੂੰ ਪੈਸੇ ਦਿਵਾਉਣ ਵਾਲਾ ਉਸਦਾ ਵਿਚੋਲਾ ਬਿੰਦਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਘੁਦੁਵਾਲਾ (ਮਾਨਸਾ) ਫਰਾਰ ਸੀ।

ਵਿਜੀਲੈਂਸ ਵੱਲੋ ਥਾਣੇਦਾਰ ਅਤੇ ਉਸਦੇ ਸਾਥੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਅੱਜ ਵਿਜੀਲੈਂਸ ਯੂਨਿਟ ਮਾਨਸਾ ਦੇ ਡੀਐੱਸਪੀ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਝੁਨੀਰ ਤੋਂ ਕਥਿਤ ਦੋਸ਼ੀ ਬਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਵਰਨਣਯੋਗ ਹੈ ਕਿ ਐੱਸਐੱਸਪੀ ਵਿਜੀਲੈਂਸ ਰੇਂਜ ਬਠਿੰਡਾ ਦੀਆਂ ਹਦਾਇਤਾਂ ਮੁਤਾਬਿਕ ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵੱਲੋ ਇੱਕ ਮਹੀਨੇ ਦੌਰਾਨ ਚਾਰ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਮੌਕੇ ਤੇ ਕਾਬੂ ਕਰਕੇ ਮਾਮਲੇ ਦਰਜ ਕੀਤੇ ਹਨ।

Posted By: Jagjit Singh