ਜਗਤਾਰ ਸਿੰਘ ਧੰਜਲ, ਮਾਨਸਾ

ਫ਼ਰਜ਼ੀ ਉੱਚ ਅਧਿਕਾਰੀ ਬਣ ਕੇ ਇੱਕ ਨੌਜਵਾਨ ਨੂੰ ਐਸ.ਸੀ. ਐਸ.ਟੀ ਕਮਿਸ਼ਨ ਦਾ ਚੇਅਰਮੈਨ ਲਗਵਾਉਣ ਅਤੇ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ 'ਚ ਏਐਸਆਈ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਥਾਣਾ ਸਿਟੀ-1 ਮਾਨਸਾ ਪੁਲਿਸ ਤੇ ਬੋਹਾ ਪੁਲਿਸ ਨੇ ਵੱਖੋ ਵੱਖਰੇ ਮਾਮਲੇ ਦਰਜ ਕੀਤੇ ਹਨ। ਬੋਹਾ ਵਾਸੀ ਭਗੌਤੀ ਸਿੰਘ ਦੇ ਲੜਕੇ ਪਰਵਿੰਦਰ ਸਿੰਘ ਨੂੰ ਐਸ.ਸੀ.ਐਸਟੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਲਵਾਉਣ ਲਈ ਉਸ ਤੋਂ ਕੁੱਝ ਵਿਅਕਤੀਆਂ ਨੇ 4 ਲੱਖ 24 ਹਜ਼ਾਰ ਰੁਪਏ ਹਾਸਿਲ ਕੀਤੇ। ਇਸ ਦੌਰਾਨ ਕੁੱਝ ਵਿਅਕਤੀ ਪੰਜਾਬ ਐਗਰੀਕਲਚਰ ਯੂਨੀ. ਲੁਧਿਆਣਾ ਦੇ ਫ਼ਰਜ਼ੀ ਰਜਿਸਟਰਾਰ ਬਣੇ ਤੇ ਭਗੌਤੀ ਸਿੰਘ ਨੂੰ ਝਾਂਸੇ 'ਚ ਲਿਆ। ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਪੜਤਾਲ ਕਰਨ ਉਪਰੰਤ ਸਾਹਮਣੇ ਆਇਆ ਕਿ ਇਨ੍ਹਾਂ ਵਿਅਕਤੀਆਂ ਨੇ ਭਗੌਤੀ ਸਿੰਘ ਨਾਲ 11 ਲੱਖ 24 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਬੋਹਾ ਪੁਲਿਸ ਨੇ ਹਰਪ੍ਰਰੀਤ ਸਿੰਘ ਉਰਫ ਹੈਪੀ ਵਾਸੀ ਲੁਧਿਆਣਾ, ਤੇਜਿੰਦਰ ਕੌਰ ਉਰਫ ਲੋਰੀ ਵਾਸੀ ਲੁਧਿਆਣਾ, ਪ੍ਰਰੇਮ ਚੰਦ ਫਰਜੀ ਰਜਿਸਟਰਾਰ ਐਗਰੀਕਲਚਰ ਯੂਨੀ. ਲੁਧਿਆਣਾ, ਪ੍ਰਸ਼ੋਤਮ ਸਿੰਘ ਸਾਬਕਾ ਫੌਜੀ ਵਾਸੀ ਉਗੋਕੇ ਅਤੇ ਸੈਣੀ ਨਾਮੀ ਵਿਅਕਤੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਿਸ ਵਿੱਚ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ ਨਿਰਭੈ ਸਿੰਘ ਵਾਸੀ ਰੱਤੋਕੇ ਜ਼ਿਲ੍ਹਾ ਸੰਗਰੂਰ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਲੜਕੇ ਨੂੰ ਕੁੱਝ ਵਿਅਕਤੀਆਂ ਨੇ ਪੰਜਾਬ ਪੁਲਿਸ 'ਚ ਏਐਸਆਈ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿੰਨਾਂ ਨੇ ਨਾ ਨੌਕਰੀ ਦਿਵਾਈ ਤੇ ਨਾ ਹੀ ਉਸ ਦੇ ਪੈਸੇ ਵਾਪਿਸ ਕੀਤੇ। ਪੁਲਿਸ ਨੇ ਨਵਜੀਤ ਸਿੰਘ ਵਾਸੀ ਮਾਨਸਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।