ਸਟਾਫ ਰਿਪੋਰਟਰ, ਮਾਨਸਾ : ਕੁਝ ਸਮਾਂ ਪਹਿਲਾਂ ਸਰਦੂਲਗੜ੍ਹ ਵਾਸੀ ਇਕ ਆੜ੍ਹਤੀਏ ਦੇ ਬੈਂਕ ਖਾਤੇ 'ਚੋਂ ਦੋ ਲੱਖ ਰੁਪਏ ਨਿਕਲਣ ਨੂੰ ਲੈ ਕੇ ਉਸਨੂੰ ਪ੍ਰਰੇਸ਼ਾਨੀ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੀੜਤ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੀ ਸ਼ਿਕਾÎਇਤ ਤੇ ਵੀ ਇਸ ਸਬੰਧੀ ਮਾਮਲਾ ਦਰਜ ਨਹੀਂ ਕਰ ਰਹੀ, ਜਿਸ ਕਾਰਨ ਬੈਂਕ 'ਚੋਂ ਨਿਕਲੇ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਆ ਸਕਦੇ। ਉਨ੍ਹਾਂ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਬੈਂਕ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਸਰਦੁੂਲਗੜ੍ਹ ਵਾਸੀ ਭੋਲਾ ਰਾਮ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫਰਮ ਦੇ ਖਾਤੇ 'ਚੋਂ ਅਚਾਨਕ ਦੋ ਲੱਖ ਰੁਪਏ ਨਿਕਲ ਗਏ, ਜਿਸ ਦਾ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ। ਭੋਲਾ ਰਾਮ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਕਿਸੇ ਨੂੰ ਆਪਣੇ ਖਾਤੇ ਦਾ ਓਟੀਪੀ ਨੰਬਰ ਆਦਿ ਦੱਸਿਆ ਹੈ ਤੇ ਨਾ ਹੀ ਕਿਸੇ ਨੂੰ ਕੋਈ ਪਾਸਵਰਡ ਆਦਿ ਦੱਸਿਆ ਹੈ। ਪਰ ਉਨ੍ਹਾਂ ਦੇ ਬੈਂਕ ਖਾਤੇ 'ਚੋਂ ਅਚਾਨਕ ਦੋ ਲੱਖ ਰੁਪਏ ਨਿਕਲ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਬੈਂਕ ਅਧਿਕਾਰੀਆਂ ਨਾਲ ਵੀ ਤਾਲਮੇਲ ਕੀਤਾ ਕਿ ਇਹ ਪੈਸੇ ਉਨ੍ਹਾਂ ਦੇ ਖਾਤੇ 'ਚੋਂ ਕਿਸ ਵਜ੍ਹਾ ਨਾਲ ਨਿਕਲ ਗਏ ਹਨ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਵਿਚੋਂ 13ਜਨਵਰੀ 2020 ਨੂੰ 2 ਲੱਖ ਰੁਪਏ ਨਿਕਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਕ ਸਾਜਿਸ਼ ਤਹਿਤ ਫਰਾਰ ਹੋਇਆ ਹੈ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਲਿਖ ਕੇ ਇਸ ਦੀ ਜਾਂਚ ਪੜਤਾਲ ਕਰਨ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲਿਸ ਤੇ ਬੈਂਕ ਦੇ ਉਚ ਅਧਿਕਾਰੀਆਂ ਨੂੰ ਡੀਟੇਲ ਸਹਿਤ ਪੱਤਰ ਲਿਖ ਕੇ ਕਾਰਵਾਈ ਤੇ ਜਾਂਚ ਦੀ ਮੰਗ ਕੀਤੀ ਹੈ। ਪੱਤਰ ਰਾਹੀਂ ਉਨ੍ਹਾਂ ਸਥਾਨਕ ਪੁਲਿਸ ਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ ਡੀਐੱਸਪੀ ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਜ਼ਿਆਦਾਤਰ ਖਾਤਾਧਾਰਕ ਵੱਲੋਂ ਕਿਸੇ ਨੂੰ ਆਪਣਾ ਉਟੀਪੀ ਆਦਿ ਦੱਸਣਾ ਹੈ,ਜਿਸ ਰਾਹੀਂ ਇਸ ਤਰ੍ਹਾਂ ਦੀਆਂ ਠੱਗੀਆਂ ਦੇ ਸ਼ਿਕਾਰ ਆਮ ਲੋਕ ਹੋ ਜਾਂਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਤੇ ਜਾਂਚ ਤੋਂ ਬਾਅਦ ਹੀ ਇਸ ਸਬੰਧੀ ਕੁਝ ਕਹਿ ਸਕਦੀ ਹੈ।