ਕੁਲਜੀਤ ਸਿੰਘ ਸਿੱਧੂ, ਮਾਨਸਾ : ਰੱਖੜੀ ਦਾ ਤਿਉਹਾਰ ਮਨਾਉਣ ਲਈ ਸਹੁਰੇ ਪਿੰਡ ਪੁੱਜੇ ਜੀਜਾ ਤੇ ਉਸ ਦੇ ਸਾਲੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਐਤਵਾਰ ਨੂੰ ਰੱਖੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਗਮਗੀਨ ਮਾਹੌਲ 'ਚ ਤਬਦੀਲ ਹੋ ਗਈਆਂ।

ਥਾਣਾ ਸਦਰ ਮਾਨਸਾ ਦੇ ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਿੰਡ ਲਾਲਿਆਂਵਾਲੀ ਦਾ ਕੁਲਦੀਪ ਸਿੰਘ ਕੀਪਾ (30) ਅਤੇ ਉਸ ਦਾ ਜੀਜਾ ਗੁਰਵਿੰਦਰ ਸਿੰਘ (37) ਵਾਸੀ ਪਿੰਡ ਬੱਲਰੀ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮਾਨਸਾ ਸ਼ਹਿਰ ਤੋਂ ਸਾਮਾਨ ਖ਼ਰੀਦ ਕੇ ਵਾਪਸ ਪਿੰਡ ਲਾਲਿਆਂਵਾਲੀ ਜਾ ਰਹੇ ਸਨ ਤਾਂ ਪਿੰਡ ਨੰਗਲ ਕੋਲ ਸਰਦੂਲਗੜ੍ਹ ਵਾਲੇ ਪਾਸਿਓਂ ਆ ਰਹੀ ਇੰਡੀਕਾ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ 'ਚ ਕੁਲਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਸਰੀ ਗੱਡੀ 'ਚ ਸਵਾਰ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦੇ ਵਾਸੀ ਗੰਭੀਰ ਜ਼ਖ਼ਮੀ ਹੋ ਗਏ ਹਨ।