ਜਸਪਾਲ ਸਿੰਘ ਜੱਸੀ, ਬੋਹਾ : ਦੋ ਵੱਖ-ਵੱਖ ਮਾਮਲਿਆਂ 'ਚ ਬੋਹਾ-ਬਖਸ਼ੀਵਾਲਾ ਨਹਿਰ 'ਚੋਂ ਬੋਹਾ ਪੁਲਿਸ ਨੇ ਬੁੱਧਵਾਰ ਨੂੰ 2 ਅਣਪਛਾਤੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਸ਼ਨਾਖ਼ਤ ਲਈ ਸਰਕਾਰੀ ਹਸਪਤਾਲ ਬੁਢਲਾਡਾ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ।

ਪਹਿਲਾ ਮਾਮਲਾ ਗੁਆਂਢੀ ਪਿੰਡ ਆਲਮਪੁਰ ਮੰਦਰਾਂ ਦੇ ਨਹਿਰੀ ਪੁਲ ਨੇੜਿਓਂ ਪ੍ਰਾਪਤ ਹੋਈ ਕਰੀਬ 35 ਸਾਲਾ ਔਰਤ ਦੀ ਲਾਸ਼ ਦਾ ਹੈ, ਜਿਸ ਬਾਰੇ ਪਿੰਡ ਦੇ ਸਰਪੰਚ ਅਜੈਬ ਸਿੰਘ ਦੁਆਰਾ ਪੁਲਿਸ ਨੂੰ ਸੂਚਿਤ ਕੀਤਾ। ਏਐਸਆਈ ਭੁਪਿੰਦਰ ਸਿੰਘ ਦੁਆਰਾ ਪੁਲਿਸ ਪਾਰਟੀ ਸਮੇਤ ਲਾਸ਼ ਨੂੰ ਨਹਿਰ ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਬੁਢਲਾਡਾ ਦੇ ਮੁਰਦਾਘਰ ਵਿਖੇ ਸ਼ਨਾਖਤ ਅਤੇ ਅਗਲੀ ਕਾਰਵਾਈ ਲਈ ਭੇਜ ਦਿੱਤਾ ਗਿਆ। ਮਿ੍ਤਕ ਔਰਤ ਨੇ ਕਾਲੇ ਅਤੇ ਲਾਲ ਬੂਟੀਦਾਰ ਕੱਪੜੇ ਪਹਿਨੇ ਹੋਏ ਸਨ,ਜਿਸ ਦੇ ਹੱਥ 'ਚ ਚਾਂਦੀ ਦੇ ਕੜੇ ਉਪਰ ਸਰਦਾਰਨੀ ਉੱਕਰਿਆ ਹੋਇਆ ਹੈ।

ਦੂਸਰਾ ਮਾਮਲਾ ਕਾਸ਼ਮਪੁਰ ਛੀਨੇ ਦੀ ਹੱਦ 'ਤੇ ਉਕਤ ਨਹਿਰ ਦਾ ਹੀ ਹੈ, ਜਿੱਥੇ ਸੋਲਰ ਪਲਾਂਟ ਪੁਲ਼ ਨੇੜਿਓਂ ਅਣਪਛਾਤੇ ਅੱਧਖੜ੍ਹ ਉਮਰ ਦੇ ਪੁਰਸ਼ ਦੀ ਗਲੀ-ਸੜੀ ਲਾਸ਼ ਮਿਲੀ ਹੈ। ਮਿ੍ਤਕ ਦੇ ਹੱਥ ਉਪਰ ਟਾਈਟਨ ਘੜੀ ਬੰਨੀ ਹੋਈ ਸੀ ਅਤੇ ਪੱਟ ਉੱਪਰ ਮੋਰਨੀ ਉੱਕਰੀ ਹੋਈ ਹੈ। ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਵੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਦੇ ਮੁਰਦਘਾਟ ਚ 72 ਘੰਟੇ ਲਈ ਰੱਖਿਆ ਗਿਆ ਹੈ। ਜਿਸ ਬਾਰੇ ਵੱਖ-ਵੱਖ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।