ਸੁਖਵਿੰਦਰ ਨਿੱਕੂ, ਸਰਦੂਲਗੜ੍ਹ : ਸਰਦੂਲਗੜ੍ਹ ਵਿਖੇ ਇਕ ਛੋਟੀ ਬੱਚੀ ਨੂੰ ਤਲਾਬ ਵਿੱਚ ਡਿੱਗਣ ਤੋਂ ਬਚਾਉਂਦੇ ਹੋਏ ਦੋ ਸਕੇ ਭਰਾਵਾਂ ਪ੍ਰਦੀਪ ਜੈਨ (35) ਅਤੇ ਰਵਿੰਦਰ ਜੈਨ (39) ਤਲਾਬ ਵਿੱਚ ਡਿੱਗ ਪਏ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਭਰਾਵਾਂ ਨੇ ਲੜਕੀ ਨੂੰ ਤਾਂ ਬਚਾ ਲਿਆ ਪਰ ਆਪਣੀ ਜਾਨ ਗੁਆ ਬੈਠੇ। ਮਿਲੀ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਖੈਰਾ ਖ਼ੁਰਦ ਵਿਖੇ ਚੱਲ ਰਹੇ ਭਾਰਤ ਗਰੁੱਪ ਕਾਲਜ 'ਚ ਪ੍ਰਦੀਪ ਜੈਨ ਅਤੇ ਰਵਿੰਦਰ ਜੈਨ ਆਪਣੇ ਪਰਿਵਾਰ ਨਾਲ ਐਤਵਾਰ ਹੋਣ ਕਰਕੇ ਘੁੰਮਣ ਲਈ ਗਏ ਸਨ। ਉੱਥੇ ਪਾਣੀ ਸਟੋਰ ਕਰਨ ਲਈ ਇਕ ਤਲਾਬ ਬਣਿਆ ਹੋਇਆ ਹੈ। ਇਸ ਤਲਾਬ 'ਚ ਇਨ੍ਹਾਂ ਦੇ ਪਰਿਵਾਰ ਦੀ ਹੀ ਇਕ ਛੋਟੀ ਬੱਚੀ ਡਿੱਗ ਪਈ ਜਿਸ ਨੂੰ ਬਚਾਉਣ ਲਈ ਇਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਇਆ। ਬੱਚੀ ਤਾਂ ਬਚ ਗਈ ਪਰ ਇਹ ਦੋਵੇਂ ਪੈਰ ਤਿਲਕਣ ਕਾਰਨ ਡੁੱਬ ਗਏ। ਇਨ੍ਹਾਂ ਨੂੰ ਤਕਰੀਬਨ ਅੱਧੇ ਘੰਟੇ ਬਾਅਦ ਗੋਤਾਖੋਰਾਂ ਨੇ ਬਾਹਰ ਕੱਢਿਆ ਪਰ ਉਦੋਂ ਤਕ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ।

Posted By: Jagjit Singh