ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਕਲਗੀਧਰ ਟਰੱਸਟ ਬੜੂ ਸਾਹਿਬ ਜਿੱਥੇ ਵਿੱਦਿਅਕ ਅਦਾਰਿਆਂ ਵਿੱਚ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਅਧਿਆਤਿਕ ਵਿੱਦਿਆ ਦਾ ਦਾਨ ਦੇਣ ਦਾ ਅਹਿਮ ਕਾਰਜ ਕਰ ਰਿਹਾ ਹੈ, ਉਥੇ ਸਮਾਜ ਸੇਵੀ ਕਾਰਜਾਂ ਦੇ ਨਾਲ ਧਾਰਮਿਕ ਕਾਰਜਾਂ 'ਚ ਵੀ ਹਮੇਸ਼ਾਂ ਮੋਹਰੀ ਰਿਹਾ ਹੈ। ਟਰੱਸਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ 550 ਸੇਵਾਦਾਰਾਂ ਨੇ ਤਕਰੀਬਨ 15 ਦਿਨ ਗੁਰਦੁਆਰਾ ਬੇਰ ਸਾਹਿਬ ਵਿਖੇ ਅਹਿਮ ਸੇਵਾਵਾਂ ਨਿਭਾਈਆਂ। ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਖੇਪ ਜੀਵਨ ਵੱਖ-ਵੱਖ 15 ਭਾਸ਼ਾਵਾਂ 'ਚ ਛਪਵਾ ਕੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਮੁਫ਼ਤ ਹੀ ਨਹੀਂ ਵੰਡਿਆ, ਸਗੋਂ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਲਈ ਗਾਈਡ ਵੀ ਨਿਯੁਕਤ ਕੀਤੇ ਗਏ। ਸਿੱਖ ਸੰਗਤ ਨੇ ਟਰੱਸਟ ਦੀ ਇਸ ਅਨੋਖੀ ਸੇਵਾ ਸੇਵਾ ਦੀ ਖੂਬ ਸ਼ਲਾਘਾ ਕੀਤੀ ਗਈ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਸੇਵਾਦਾਰਾਂ ਤੋਂ ਇਲਾਵਾ ਅਕਾਲ ਅਕੈਡਮੀਆਂ ਤੇ ਹੋਰਨਾਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ ਵਿਖੇ ਭਾਈ ਮਰਦਾਨਾ ਜੀ ਦੀਵਾਨ ਹਾਲ, ਮੁੱਖ ਪੰਡਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਪੰਡਾਲ ਪੰਜਾਬ ਸਰਕਾਰ ਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ਼ਬਦ ਗਾਇਣ, ਢਾਡੀ ਵਾਰਾਂ ਤੇ ਪੁਰਾਤਨ ਤੰਤੀ ਸ਼ਾਜਾਂ ਰਾਹੀਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਕਤ ਟਰੱਸਟ ਦੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਸਫਾਈ, ਸੰਗਤ ਨੂੰ ਸ਼ੁੱਧ ਪਾਣੀ ਲਈ ਛਬੀਲਾਂ ਦੀ ਸੇਵਾ, ਲੰਗਰ ਦੀ ਸੇਵਾ, ਚਰਨ ਗੰਗਾ ਸਾਫ ਕਰਨ, ਸਿਵਲ ਸੇਵਾਵਾਂ (ਪਲੰਬਰ, ਇਲੈਕਟ੍ਰੀਕਲ, ਇੰਜੀਨੀਅਰਿੰਗ), ਗੁਰ ਪੁਰਬ ਨੂੰ ਸਮਰਪਿਤ ਕੱਢੇ 3 ਵਿਸ਼ਾਲ ਨਗਰ ਕੀਰਤਨ ਦੌਰਾਨ ਝਾੜੂ ਫੇਰਨ ਤੇ ਸੰਗਤ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੇ ਅੰਤ 'ਚ ਟਰੱਸਟ ਦੇ ਸੇਵਾਦਾਰਾਂ ਤੇ ਵਿਦਿਆਰਥੀਆਂ ਵੱਲੋਂ ਨਿਭਾਈਆਂ ਅਹਿਮ ਸੇਵਾਵਾਂ ਲਈ ਸ਼੍ਰੋਮਣੀ ਪੰਥ ਰਤਨ ਤੇ ਟਰੱਸਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ, ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਸਮੇਤ ਹੋਰਨਾਂ ਸੇਵਾਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਤੇ ਮੁੱਖ ਗੰ੍ਰਥੀ ਭਾਈ ਸੁਰਜੀਤ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ।